ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਮਈ
ਇੱਥੇ ਅੱਜ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਲੋਂ ਇਸ ਬਿਮਾਰੀ ਦੀ ਜਾਗਰੂਕਤਾ ਲਈ ਸੈਮੀਨਾਰ ਕਰਵਾੲਆ ਗਿਆ, ਜਿਸ ਵਿਚ ਥੈਲੇਸੀਮੀਆ ਮੁਕਤ ਭਾਰਤ ਦਾ ਨਾਅਰਾ ਦਿੱਤਾ ਗਿਆ। ਸਮਾਗਮ ਵਿਚ ਸ਼ਾਮਲ ਹੋਏ ਹਾਸਰਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਦੇਸ਼ ਪੱਧਰ ’ਤੇ ਸਾਂਝੇ ਉਦਮ ਕਰਨ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨੇ ਸਮਾਗਮ ਵਿਚ ਹਾਜ਼ਰ ਵਿਦਿਆਰਥੀਆਂ ਤੇ ਹੋਰਨਾਂ ਕੋਲੋਂ ਪ੍ਰਣ ਕਰਵਾਇਆ ਕਿ ਉਹ ਵਿਆਹ ਤੋਂ ਪਹਿਲਾਂ ਥੈਲੇਸੀਮੀਆ ਦਾ ਟੈਸਟ ਜ਼ਰੂਰ ਕਰਾਉਣਗੇ। ਇਸ ਬਿਮਾਰੀ ਦੇ ਇਲਾਜ ਲਈ ਯੂਨੀਵਰਸਿਟੀ ਵਲੋਂ ਹਸਪਤਾਲ ਵਿਚ ਛੇ ਬੈਡ ਦੀ ਇਕ ਵਿਸ਼ੇਸ਼ ਆਧੁਨਿਕ ਵਾਰਡ ਵੀ ਬਣਾਈ ਗਈ ਹੈ। ਇਸ ਬਾਰੇ ਥੈਲੇਸੀਮੀਆ ਵਾਰਡ ਦੇ ਇੰਚਾਰਜ ਡਾ. ਗੁਰਸ਼ਰਨ ਸਿੰਘ ਨਾਰੰਗ ਜਾਣਕਾਰੀ ਦਿੱਤੀ। ਇਸ ਮੌਕੇ ਪੇਂਟਿੰਗ ਮੁਕਾਬਲੇ, ਸਭਿਆਚਾਰਕ ਪ੍ਰੋਗਰਾਮ, ਨ੍ਰਿਤ ਅਤੇ ਗਾਇਣ ਮੁਕਾਬਲੇ ਵੀ ਕਰਵਾਏ ਗਏ। ਇਸ ਸਮਾਗਮ ਵਿਚ ਸ਼ਾਮਲ ਲਗਪਗ 50 ‘ਥੈਲੇਸੀਮੀਆ ਹੀਰੋਜ਼’ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਡਾ. ਦਲਜੀਤ ਸਿੰਘ, ਕਾਲਜ ਦੇ ਪ੍ਰਿੰਸੀਪਲ ਤੇ ਡਾਇਰੈਕਟਰ ਡਾ. ਮਨਜੀਤ ਸਿੰਘ ਉਪਲ, ਡਿਪਟੀ ਰਜਿਸਟਰਾਰ ਅਮਨਦੀਪ ਸਿੰਘ, ਡਾ ਰਜਨੀਸ਼ ਗੋਇਨਕਾ ਹਾਜ਼ਰ ਸਨ।