ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਅਗਸਤ
ਆਪਣੇ ਨਾਜਾਇਜ਼ ਸਬੰਧ ਲੁਕਾਉਣ ਤੇ ਸਿਰਫ਼ 58 ਹਜ਼ਾਰ ਰੁਪਏ ਦੀ ਰਕਮ ਲੁੱਟਣ ਦੇ ਮੰਤਵ ਨਾਲ ਇਕ ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਨੇੜਲੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਗਿਆ।
ਇਹ ਖੁਲਾਸਾ ਅੱਜ ਇੱਥੇ ਪੁਲੀਸ ਅਧਿਕਾਰੀਆਂ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਕੱਲ੍ਹ 20 ਅਗਸਤ ਨੂੰ ਇਸ ਸਬੰਧ ’ਚ ਥਾਣਾ ਗੇਟ ਹਕੀਮਾਂ ’ਚ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਸੁਰਿੰਦਰ ਸਿੰਘ ਵਾਸੀ ਪਿੰਡ ਮੂਲੇ ਚੱਕ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ, ਜਿਸ ’ਚ ਉਸਨੇ ਆਪਣੇ ਭਰਾ ਨਰਿੰਦਰ ਸਿੰਘ ਦਾ ਕਤਲ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਨਰਿੰਦਰ ਸਿੰਘ ਅਪਾਹਜ ਸੀ ਤੇ 47 ਵਰ੍ਹਿਆਂ ਦਾ ਸੀ। ਉਹ ਬਚਪਨ ਵਿੱਚ ਹੀ ਪੋਲੀਓ ਕਾਰਨ ਅਪਾਹਜ ਹੋ ਗਿਆ ਸੀ ਤੇ ਵਿਸਾਖੀਆਂ ਨਾਲ ਚੱਲਦਾ ਸੀ। ਉਸ ਨੇ ਇੱਥੇ ਥਾਣਾ ਗੇਟ ਹਕੀਮਾਂ ਵਿੱਚ ਆਪਣੇ ਘਰ ਵਿੱਚ ਹੀ ਕਰਿਆਨੇ ਦੀ ਦੁਕਾਨ ਖੋਲ੍ਹੀ ਹੋਈ ਸੀ। ਬੀਤੇ ਕੱਲ੍ਹ ਕੁਝ ਅਣਪਛਾਤੇ ਵਿਅਕਤੀ ਸਿਰਹਾਣੇ ਨਾਲ ਉਸ ਦਾ ਮੂੰਹ ਘੁੱਟ ਕੇ ਕਤਲ ਕਰ ਕੇ 58 ਹਜ਼ਾਰ ਰੁਪਏ ਤੇ ਮੋਬਾਈਲ ਫੋਨ ਲੁੱਟ ਕੇ ਲੈ ਗਏ। ਇਹ ਰਕਮ ਉਸ ਨੇ ਆਪਣੀ ਇਕ ਕਮੇਟੀ ਵਜੋਂ ਪ੍ਰਾਪਤ ਕੀਤੀ ਸੀ।
ਅੱਜ ਇਸ ਕਤਲ ਕੇਸ ਨੂੰ ਹੱਲ ਕਰ ਲੈਣ ਦਾ ਦਾਅਵਾ ਕਰਦਿਆਂ ਏਸੀਪੀ ਸੁਰਿੰਦਰ ਸਿੰਘ ਤੇ ਥਾਣਾ ਗੇਟ ਹਕੀਮਾਂ ਦੇ ਐੱਸਐੱਚਓ ਇੰਸਪੈਕਟਰ ਮੋਹਿਤ ਕੁਮਾਰ ਆਦਿ ਨੇ ਦੱਸਿਆ ਕਿ ਇਸ ਸਬੰਧੀ ਔਰਤ ਸੁਰਜੀਤ ਕੌਰ ਅਤੇ ਰਾਜਨਦੀਪ ਸਿੰਘ ਉਰਫ ਰਾਜਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਲੁੱਟੀ ਹੋਈ ਰਕਮ, ਮੋਬਾਈਲ ਫੋਨ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਔਰਤ ਮ੍ਰਿਤਕ ਨਰਿੰਦਰ ਸਿੰਘ ਦੇ ਭਤੀਜੇ ਲਖਵੀਰ ਸਿੰਘ ਦੀ ਪਤਨੀ ਹੈ, ਜੋ ਇਥੇ ਆਪਣੇ ਬੱਚਿਆਂ ਸਣੇ ਉਸ ਦੇ ਮਕਾਨ ’ਚ ਰਹਿੰਦੀ ਸੀ। ਇਸ ਔਰਤ ਦੇ ਰਾਜਨਦੀਪ ਉਰਫ ਰਾਜਨ ਨਾਲ ਸਬੰਧ ਸਨ ਤੇ ਮ੍ਰਿਤਕ ਇਸ ਤੋਂ ਉਸਨੂੰ ਰੋਕਦਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਰਾਜਨਦੀਪ ਇੱਥੇ ਉਸ ਦੇ ਘਰ ਆਇਆ ਸੀ। ਉਨ੍ਹਾਂ ਦੱਸਿਆ ਕਿ ਇਹ ਰਕਮ ਲੁੱਟਣ ਤੇ ਨਾਜਾਇਜ਼ ਸਬੰਧਾਂ ਨੂੰ ਲੁਕਾਉਣ ਦੀ ਖਾਤਰ ਇਹ ਕਤਲ ਕੀਤਾ ਗਿਆ ਹੈ। ਪੁਲੀਸ ਨੇ ਇਸ ਸਬੰਧ ਵਿਚ ਆਈਪੀਸੀ ਦੀ ਧਾਰਾ 302 ਅਤੇ 397 ਹੇਠ ਦਰਜ ਕੀਤਾ ਹੈ।
ਪੁਲੀਸ ਇਨ੍ਹਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਵਾਸਤੇ ਰਿਮਾਂਡ ਹਾਸਲ ਕਰੇਗੀ ਅਤੇ ਅਗਲੇਰੀ ਜਾਂਚ ਕੀਤੀ ਜਾਵੇਗੀ।