ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 9 ਸਤੰਬਰ
ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਜੀ.ਟੀ ਰੋਡ ਅਲਫ਼ਾ ਸਿਟੀ ਨੇੜੇ ਮੁੱਖ ਸੜਕ ਦੇ ਨਾਲ ਇਕ ਵਿਅਕਤੀ ਵੱਲੋਂ ਲੋਹੇ ਦੇ ਐਂਗਲ ਲਗਾ ਕੇ ਸ਼ੈੱਡ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਉਹ ਦਿਨ ਵੇਲੇ ਖਾਣ-ਪੀਣ ਦਾ ਸਾਮਾਨ ਵੇਚਦਾ ਸੀ ਪਰ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਰਾਤ ਦੇ ਸਮੇਂ ਇਸ ਸ਼ੈੱਡ ਵਿੱਚ ਸ਼ਰਾਬ ਆਦਿ ਨਸ਼ੀਲੀਆਂ ਵਸਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਆਮ ਸ਼ਹਿਰੀਆਂ ਦੀ ਆਵਾਜਾਈ ’ਚ ਵਿਘਣ ਪੈਂਦਾ ਹੈ। ਇਹ ਵਿਅਕਤੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਬੈਠ ਗਿਆ ਸੀ। ਜਿਸ ਨੂੰ ਵਿਭਾਗ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਡਿੱਚ ਮਸ਼ੀਨ, ਵਿਭਾਗੀ ਅਮਲਾ ਤੇ ਪੁਲੀਸ ਟੀਮ ਦੀ ਸਹਾਇਤਾ ਨਾਲ ਇਸ ਨਾਜਾਇਜ਼ ਕਬਜ਼ੇ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ ਪੁਰਾਣਾ ਸਦਰ ਥਾਣੇ ਦੇ ਸਾਹਮਣੇ ਫਾਇਰ ਬ੍ਰਿਗੇਡ ਦਫ਼ਤਰ ਕੋਲ ਇਕ ਵਿਅਕਤੀ ਵੱਲੋਂ ਸ਼ੈੱਡ ਪਾ ਕੇ ਕਬਜ਼ਾ ਕੀਤਾ ਹੋਇਆ ਸੀ। ਜਿਸ ਦੀਆਂ ਸ਼ਿਕਾਇਤਾਂ ਪਿਛਲੇ ਇਕ ਸਾਲ ਤੋਂ ਆ ਰਹੀਆਂ ਸਨ। ਇਸ ਸਬੰਧ ’ਚ ਇਸ ਵਿਅਕਤੀ ਨੂੰ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ ਕਿ ਉਹ ਆਪਣਾ ਇਹ ਸ਼ੈੱਡ ਹਟਾ ਲਵੇ ਪਰ ਉਸ ਵੱਲੋਂ ਵਿਭਾਗ ਦੇ ਨੋਟਿਸਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੀ। ਕਮਿਸ਼ਨਰ ਨਿਗਮ ਤੋਂ ਪ੍ਰਵਾਨਗੀ ਲੈ ਕੇ ਇਸ ਢਾਂਚੇ ਨੂੰ ਅੱਜ ਹਟਾ ਦਿੱਤਾ ਗਿਆ। ਭੁਮੀ ਵਿਭਾਗ ਵੱਲੋਂ ਜੀ.ਟੀ ਰੋਡ, ਪੁਰਾਣੀ ਕੈਨਾਲ ਕਾਲੌਨੀ, ਗੌਰਮਿੰਟ ਕਾਲਜ (ਲੜਕੀਆਂ), ਕਚਹਿਰੀ ਰੋਡ ਆਦਿ ਤੋਂ ਵੀ ਨਾਜਾਇਜ਼ ਕਬਜ਼ੇ ਹਟਾਏ ਗਏ। ਅਸਟੇਟ ਅਫ਼ਸਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਵਿਅਕਤੀ ਸਾਮਾਨ ਆਦਿ ਰੱਖ ਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਕਾਰਵਾਈ ਵਿੱਚ ਇੰਸਪੈਕਟਰ ਰਾਜ ਕੁਮਾਰ, ਅਰੁਣ ਸਹਿਜਪਾਲ ਕਲਰਕ, ਵਿਭਾਗੀ ਅਮਲਾ ਤੇ ਪੁਲੀਸ ਟੀਮ ਸ਼ਾਮਲ ਸੀ।