ਪੱਤਰ ਪ੍ਰੇਰਕ
ਅੰਮ੍ਰਿਤਸਰ, 13 ਨਵੰਬਰ
ਇਥੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਅੱਜ ਢਾਬ ਖਟੀਕਾਂ ਵਿੱਚ 2.63 ਕਰੋੜ ਰੁਪਏ ਦੇ ਖਰਚ ਨਾਲ ਜਨਾਨਾਂ ਹਸਪਤਾਲ ਦੀ ਨਵੀਂ ਬਣਾਈ ਗਈ ਬਿਲਡਿੰਗ ਦਾ ਉੁਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 2 ਕਰੋੜ 26 ਲੱਖ 80 ਹਜ਼ਾਰ 117 ਵਿਅਕਤੀਆਂ ਨੇ ਕਰੋਨਾ ਵੈਕਸੀਨ ਲਗਵਾਈ ਹੈ, ਜਿਨ੍ਹਾਂ ਵਿੱਚੋਂ 1 ਕਰੋੜ 61 ਲੱਖ 9 ਹਜ਼ਾਰ 8 ਸੌ 68 ਵਿਅਕਤੀਆਂ ਨੇ ਪਹਿਲੀ ਡੋਜ਼ ਅਤੇ 65 ਲੱਖ 70 ਹਜ਼ਾਰ 249 ਵਿਅਕਤੀਆਂ ਨੇ ਦੂਸਰੀ ਡੋਜ਼ ਲਗਵਾਈ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹਸਪਤਾਲ ਹੈ ਅਤੇ ਅੰਗਰੇਜ਼ੀ ਰਾਜ ਸਮੇਂ ਇਸ ਨੂੰ ‘ਪ੍ਰਿੰਸਸ ਆਫ਼ ਵੇਲਜ਼’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਵੀ ਇਹ ਹਸਪਤਾਲ ਪੂਰੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਜਨਾਨਾਂ ਹਸਪਤਾਲ ਦੇ ਤੌਰ ’ਤੇ ਜਾਣਿਆ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ 30 ਬੈੱਡਾਂ ਵਾਲਾ ਆਧੁਨਿਕ ਹਸਪਤਾਲ ਬਣਾਇਆ ਗਿਆ ਹੈ। ਇਸ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ, ਜਣੇਪਾ ਸੇਵਾਵਾਂ, ਸਜੇਰੀਅਨ, ਬੱਚੇਦਾਨੀ ਦੇ ਅਪਰੇਸ਼ਨ, ਗਾਇਨੀ ਓ.ਪੀ.ਡੀ., ਮੇਜਰ ਅਤੇ ਮਾਈਨਰ ਆਪਰੇਸ਼ਨ ਬੱਚਿਆਂ ਦੇ ਮਾਹਿਰ ਡਾਕਟਰ, ਡੈਂਟਲ ਸੇਵਾਵਾਂ, ਐਕਸਰੇ, ਲੈਬ ਸਹੂਲਤਾਂ, ਟੀਕਾਕਰਨ ਸੇਵਾਵਾਂ, ਇੰਨਡੋਰ ਅਤੇ ਆਊਟਡੋਰ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਹਸਪਤਾਲ ਵਿਸ਼ੇਸ਼ ਤੌਰ ’ਤੇ 108 ਐਂਬੂਲੈਸ ਨੂੰ ਅਟੈਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਡੇਂਗੂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਬੱਚਿਆਂ ਦਾ ਟੀਕਾਕਰਨ ਵੀ ਮੁਫ਼ਤ ਹੁੰਦਾ ਹੈ।
ਕੋਟ ਖਾਲਸਾ ਤੋਂ ਕੀਰਤਨਗੜ੍ਹ ਤੱਕ ਸੜਕ ਬਣਾਉਣ ਦਾ ਐਲਾਨ
ਅੰਮ੍ਰਿਤਸਤਰ: ਉਪ ਮੁੱਖ ਮੰਤਰੀ ਓਪੀ ਸੋਨੀ ਨੇ ਕੀਰਤਨਗੜ੍ਹ ਪਿੰਡ ਦੀਆਂ ਦੋਵੇਂ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕੰਮਾਂ ਲਈ ਕਰੀਬ 58 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਟ ਕੀਤੇ ਅਤੇ ਕਮਿਊਨਿਟੀ ਹਾਲ ਲਈ 5 ਲੱਖ ਰੁਪਏ ਦੀ ਹੋਰ ਸਹਾਇਤਾ ਦਾ ਐਲਾਨ ਵੀ ਕੀਤਾ। ਪਿੰਡ ਦੇ ਸਟੇਡੀਅਮ ਵਿੱਚ ਨੌਜਵਾਨਾਂ ਨੂੰ ਖੇਡ ਕਿੱਟਾਂ ਦੀ ਵੀ ਵੰਡ ਕੀਤੀ ਗਈ। ਉਨ੍ਹਾਂ ਕੋਟ ਖਾਲਸਾ ਤੋਂ ਕੀਰਤਨਗੜ੍ਹ ਤਕ ਸੜਕ ਬਣਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸ੍ਰੀ ਸੋਨੀ ਨੇ ਦੋਵਾਂ ਪੰਚਾਇਤਾਂ ਨੂੰ ਪਿੰਡ ਦੇ ਕੰਮਾਂ ਲਈ 15-15 ਲੱਖ ਰੁਪਏ ਦੇ ਚੈਕ ਦਿੱਤੇ। ਇਸੇ ਤਰ੍ਹਾਂ ਸਰਕਾਰੀ ਸਕੂਲ ਤੇ ਸਟੇਡੀਅਮ ਜੋ ਕਿ ਦੋਵੇਂ ਪਿੰਡਾਂ ਦੇ ਸਾਂਝੇ ਹਨ, ਲਈ 15 ਤੇ 10 ਲੱਖ ਰੁਪਏ ਦੇ ਚੈੱਕ ਦਿੱਤੇ । ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਲਈ ਢਾਈ ਲੱਖ ਰੁਪਏ ਵੀ ਭੇਟ ਕੀਤੇ ਅਤੇ ਪਿੰਡ ਦੇ ਕਮਿਊਨਟੀ ਹਾਲ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।