ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਫਰਵਰੀ
ਮੈਡੀਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਗੁਰੂ ਬਾਜ਼ਾਰ ਦੇ ਬਾਜ਼ਾਰਾਂ ਵਿਚ ਇੰਟਰਲੌਕਿੰਗ ਟਾਈਲਾਂ ਦੀ ਸ਼ੁਰੂਆਤ ਕਰਦਿਆਂ ਲੋਕਾਂ ਨਾਲ ਵਾਅਦਾ ਕੀਤਾ ਕਿ ਇਹ ਕੰਮ ਲਗਭਗ ਡੇਢ ਮਹੀਨੇ ਤੱਕ ਮੁਕੰਮਲ ਹੋ ਜਾਣਗੇ। ਉਨ੍ਹਾਂ ਗੁਰੂ ਬਾਜ਼ਾਰ ਦੇ ਵਪਾਰੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਮੌਕੇ ’ਤੇ ਨਿਪਟਾਰਾ ਵੀ ਕੀਤਾ।
ਇਸ ਉਪਰੰਤ ਉਨ੍ਹਾਂ ਗੁਰੂ ਬਾਜ਼ਾਰ ਵਿਚ ਸਵਰਨਕਾਰ ਐਸੋਸੀਏਸ਼ਨ ਨੂੰ 4 ਲੱਖ 75 ਹਜ਼ਾਰ ਦਾ ਚੈੱਕ ਸੀਸੀਟੀਵੀ ਕੈਮਰੇ ਲਾਉਣ ਲਈ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੈਮਰੇ ਚੋਰਾਂ ਲਈ ਤੀਜੀ ਅੱਖ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਹੋਣ ਕਰ ਕੇ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਰੇ ਬਾਜ਼ਾਰ ਵਿਚ ਸੀਸੀਟੀਵੀ ਕੈਮਰੇ ਲਗਾਵਾਏ ਜਾਣਗੇ ਤਾਂ ਜੋ ਇਸ ਇਲਾਕੇ ਵਿੱਚ ਚੋਰੀਆਂ ਨੂੰ ਨੱਥ ਪਾਈ ਜਾ ਸਕੇ ਅਤੇ ਕੁਝ ਰਹਿੰਦੀਆਂ ਐਲਈਡੀ ਲਾਈਟਾਂ ਵੀ ਥੋੜ੍ਹੇ ਹੀ ਦਿਨਾਂ ਤੱਕ ਲੱਗ ਜਾਣਗੀਆਂ।
ਉਨ੍ਹਾਂ ਕਿਹਾ ਕਿ ਕੇਂਦਰੀ ਹਲਕੇ ਵਿਚ ਕੋਈ ਵੀ ਬਾਜ਼ਾਰ ਅਤੇ ਗਲੀਆਂ ਵਿਕਾਸ ਪੱਖੋਂ ਸੱਖਣੀਆਂ ਨਹੀਂ ਰਹਿਣਗੀਆਂ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਅਸ਼ਵਨੀ ਕੁਮਾਰ ਪ੍ਰਧਾਨ ਸਵਰਨਕਾਰ ਐਸੋਸੀਏਸ਼ਨ, ਮਹੇਸ਼ ਖੰਨਾ ਕੌਂਸਲਰ, ਸੰਦੀਪ ਸਿੰਘ ਐਕਸੀਅਨ, ਰਵੀਕਾਂਤ ਕੌਂਸਲਰ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ।