ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਮਈ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੀ ‘ਤੁੰਗ ਢਾਬ ਡਰੇਨ’ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿੱਜ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ’ਚ ‘ਤੁੰਗ ਢਾਬ ਡਰੇਨ’ ’ਚ ਵੱਧ ਰਹੇ ਪ੍ਰਦੂਸ਼ਨ ਨੂੰ ਰੋਕਣ ਅਤੇ ਇਸ ਦੇ ਪੱਕੇ ਹੱਲ ਬਾਰੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਨੇ ਉਦਯੋਗ, ਸੀਵਰੇਜ, ਡੇਅਰੀਆਂ ਦੇ ਆ ਰਹੇ ਗੰਦਲੇ ਪਾਣੀ ਨੂੰ ਡਰੇਨ ’ਚ ਆਉਣ ਤੋਂ ਰੋਕਣ ਲਈ ਅਤੇ ਡਰੇਨ ਦੀ ਸਾਫ ਸਫਾਈ ਬਾਰੇ ਬੋਰਡ ਦੇ ਚੇਅਰਮੈਨ ਤੇ ਅਧਿਕਾਰੀਆਂ ਕੋਲੋਂ ਸੁਝਾਅ ਮੰਗੇ। ਸ੍ਰੀ ਔਜਲਾ ਨੇ ਦਸਿਆ ਕਿ ‘ਤੁੰਗ ਢਾਬ ਡਰੇਨ’ ਦੇ ਨਾਲ ਨਾਲ ਸ਼ਹਿਰ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਨ ਮੁਕਤ ਬਣਾਉਣ ਲਈ ਲੰਬੇ ਸਮੇਂ ਤੋਂ ਵੱਖ ਵੱਖ ਪ੍ਰਾਜੈਕਟਾਂ ਤੇ ਕੰਮ ਕੀਤਾ ਜਾ ਰਿਹਾ ਹੈ ਪਰ ਇਸਦੇ ਨਾਲ ਸ਼ਹਿਰਵਾਸੀਆਂ ਦਾ ਸਹਿਯੋਗ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਤੇ ਡੇਅਰੀਆਂ ਵਾਲੇ ਇਸ ਗੰਦਲੇ ਪਾਣੀ ਨੂੰ ਡਰੇਨ ਵਿਚ ਸ਼ਾਮਲ ਕਰਨ ਤੋਂ ਗੁਰੇਜ਼ ਕਰਨ ਕਿਉਂਕਿ ਇਹ ਜ਼ਹਿਰੀਲੇ ਪਾਣੀ ਤੋਂ ਬਣ ਰਹੀਆਂ ਗੈਸਾਂ ਸਾਹ ਪ੍ਰਣਾਲੀ ਲਈ ਘਾਤਕ ਹਨ। ਇਸ ਨਾਲ ਜ਼ਮੀਨ ਹੇਠਲਾ ਪਾਣੀ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨੇ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿੱਜ ਨੂੰ ਇਸ ਡਰੇਨ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਨ ਮੁਕਤ ਕਰਨ ਲਈ ਪੱਕਾ ਹੱਲ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਚੇਅਰਮੈਨ ਵਿੱਜ ਨੇ ਸੰਸਦ ਮੈਂਬਰ ਨੂੰ ਆਖਿਆ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਰੋਕਣ ਲਈ ਯੋਗ ਉਪਰਾਲੇ ਕੀਤੇ ਜਾਣ।