ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਜੂਨ
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਇਕ ਪੰਜ ਮੈਂਬਰੀ ਵਫਦ ਨੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਗੁਜਰਾਤੀ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੰਗਾਂ ਸਬੰਧੀ ਮੁਲਾਕਾਤ ਕੀਤੀ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸੰਘਰਸ਼ਾਂ ਦੌਰਾਨ ਮੋਹਰੀ ਭੂਮਿਕਾ ਨਿਭਾਉਣ ਵਾਲੇ ਅਧਿਆਪਕ ਆਗੂ ਹਰਿੰਦਰ ਪਟਿਆਲਾ ਅਤੇ ਨਵਲਦੀਪ ਸ਼ਰਮਾ ਦੇ ਪੱਖਪਾਤੀ ਢੰਗ ਨਾਲ ਰੋਕੇ ਗਏ ਰੈਗੂਲਰ ਆਰਡਰ ਜਾਰੀ ਕਰਨ ਅਤੇ ਪਿਛਲੇ 10 ਸਾਲਾਂ ਤੋਂ ਝੂਠੇ ਪਰਚਿਆਂ ਵਿੱਚ ਬਠਿੰਡਾ ਵਿੱਚ ਪੇਸ਼ੀਆਂ ਭੁਗਤ ਰਹੇ 59 ਅਧਿਆਪਕਾਂ ਖ਼ਿਲਾਫ਼ ਦਰਜ ਪੁਲੀਸ ਕੇਸ ਰੱਦ ਕਰਵਾਉਣ ਸਮੇਤ ਹੋਰ ਮਸਲੇ ਰੱਖੇ ਗਏ ਹਨ। ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਮਿਲੇ ਭਰੋਸੇ ਮੁਤਾਬਕ ਦੋਵਾਂ ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਇਨ੍ਹਾਂ ਨੂੰ 30 ਜੂਨ ਤੱਕ ਰੈਗੂਲਰ ਆਰਡਰ ਜਾਰੀ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਦੁਆਰਾ ਸੰਘਰਸ਼ ਦੌਰਾਨ ਦਰਜ ਕੀਤੇ ਪੁਲੀਸ ਕੇਸ ਵਾਪਸ ਲੈਣ ਲਈ ਸਿੱਖਿਆ ਸਕੱਤਰ ਵੱਲੋਂ ਗ੍ਰਹਿ ਵਿਭਾਗ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਦੁਆਰਾ ਭਰੋਸਾ ਦਿੱਤਾ ਗਿਆ ਕਿ ਅਧਿਆਪਕਾਂ ਦੀਆਂ ਹੋਰ ਸ਼ਿਕਾਇਤਾਂ ਵੀ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ।
ਇਸ ਦੌਰਾਨ ਜਥੇਬੰਦੀ ਵੱਲੋਂ ਸਿੱਖਿਆ ਮੰਤਰੀ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਦੋਵਾਂ ਅਧਿਆਪਕਾਂ ਨੂੰ 30 ਜੂਨ ਤੱਕ ਰੈਗੂਲਰ ਨਾ ਕੀਤਾ ਅਤੇ ਹੋਰ ਮੰਗਾਂ ਦਾ ਠੋਸ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਜਥੇਬੰਦੀ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ 3 ਜੁਲਾਈ ਨੂੰ ਲੁਧਿਆਣਾ ਵਿੱਚ ਸੱਦੀ ਗਈ ਹੈ, ਜਿਸ ਵਿੱਚ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।