ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 1 ਮਈ
ਮੇਅਰ ਕਰਮਜੀਤ ਸਿੰਘ ਵੱਲੋਂ ਵਾਰਡ ਨੰਬਰ-76 ਵਿਚ ਪੈਂਦੇ ਕਬੀਰ ਪਾਰਕ ਵਿਚ ਸਿਵਲ ਦੇ ਰੀਡਿਵੈਲਪਮੈਂਟ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਕੰਮਾਂ ’ਤੇ 45 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਮੇਅਰ ਨੇ ਕਿਹਾ ਕਿ ‘ਆਪ’ ਨੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਸ਼ਤ ਪ੍ਰਤੀਸ਼ਤ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਤਕਰੀਬਨ ਹਰ ਇਲਾਕੇ ਵਿੱਚ ਵਿਕਾਸ ਦੇ ਕੰਮਾਂ ਦੀ ਝੜੀ ਲਗਾਈ ਜਾਵੇਗੀ। ਮੌਜੂਦਾ ਨਗਰ ਨਿਗਮ ਹਾਊਸ ਵੱਲੋਂ ਹਰ ਵਾਰਡ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਉਲੀਕੇ ਗਏ ਹਨ ਅਤੇ ਜਿਹੜੇ ਕੰਮ ਰਹਿ ਗਏ ਹਨ, ਉਨ੍ਹਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇਗਾ। ਇਲਾਕਾ ਵਾਸੀਆਂ ਵਲੋਂ ਮੇਅਰ ਕਰਮਜੀਤ ਸਿੰਘ ਅਤੇ ਹਾਜ਼ਰ ਕੌਂਸਲਰਾਂ ਨੂੰ ਸਿਰੋਪਾਓ ਭੇਟ ਕੀਤੇ ਗਏ।
ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਚਾਹਲ, ਕੌਂਸਲਰ ਪ੍ਰਮੋਦ ਬਬਲਾ, ਕੌਂਸਲਰ ਦਵਿੰਦਰ ਪਹਿਲਵਾਨ, ਕੌਂਸਲਰ ਪਰਦੀਪ ਸ਼ਰਮਾ, ਕੌਂਸਲਰ ਸੁਖਬੀਰ ਸੋਨੀ, ਵਨੀਤ ਗੁਲਾਟੀ ਆਦਿ ਹਾਜ਼ਰ ਸਨ।