ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਪਰੈਲ
ਕਰੋਨਾ ਮਹਾਮਾਰੀ ਕਾਰਨ ਸਰਕਾਰ ਵੱਲੋਂ ਬੰਦ ਕੀਤੇ ਗਏ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਖਾਲਸਾ ਕਾਲਜ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤਕ ਮਾਰਚ ਕੀਤਾ ਗਿਆ। ਵਿਦਿਆਰਥੀਆਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਅਤੇ ਨਾਅਰੇ ਲਗਾ ਕੇ ਵਿਦਿਅਕ ਅਦਾਰੇ ਖੋਲ੍ਹਣ ਦੀ ਮੰਗ ਕੀਤੀ। ਇਹ ਮਾਰਚ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਨੁਮਾਇੰਦਿਆਂ ਦੀ ਅਗਵਾਈ ਹੇਠ ਕੀਤਾ ਗਿਆ। ਯੂਨੀਵਰਸਿਟੀ ਗੇਟ ਸਾਹਮਣੇ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦੇ ਵਿਦਿਅਕ ਅਦਾਰੇ ਬੰਦ ਕਰਨ ਦੇ ਆਦੇਸ਼ ਅਤੇ ਨਵੀਂ ਸਿੱਖਿਆ ਨੀਤੀ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਵਿਦਿਆਰਥੀ ਆਗੂਆਂ ਨੇ ਮੰਗ ਕੀਤੀ ਕਿ ਆਨਲਾਈਨ ਕਲਾਸਾਂ ਨੂੰ ਬੰਦ ਕੀਤਾ ਜਾਵੇ ਅਤੇ ਵਿਦਿਅਕ ਅਦਾਰੇ ਖੋਲ੍ਹੇ ਜਾਣ ਤਾਂ ਜੋ ਵਿਦਿਆਰਥੀ ਕਲਾਸਾਂ ਵਿਚ ਬੈਠ ਕੇ ਪੜ੍ਹਾਈ ਕਰ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਆਨਲਾਈਨ ਦੇ ਨਾਂ ਹੇਠ ਫੀਸਾਂ ਲੈ ਕੇ ਮਾਪਿਆਂ ਦੀ ਕਥਿਤ ਲੁੱਟ ਕੀਤੀ ਜਾ ਰਹੀ ਹੈ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਰੋਸ ਮਾਰਚ ਵਿਚ ਵਿਕਰਮ, ਸਾਹਿਬ ਸਿੰਘ, ਰਾਜਵਿੰਦਰ, ਰਜਿੰਦਰ, ਨੌਜਵਾਨ ਭਾਰਤ ਸਭਾ ਦੇ ਗੁਰਪ੍ਰੀਤ ਸਿੰਘ, ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਬਲਕਾਰ ਸਿੰਘ ਵਲਟੋਹਾ, ਪੰਜਾਬ ਇਸਤਰੀ ਸਭਾ ਦੀ ਰਜਿੰਦਰਪਾਲ ਕੌਰ, ਰੁਪਿੰਦਰ ਮਾੜੀਮੇਘਾ, ਕਿਸਾਨ ਸਭਾ ਦੇ ਬਲਕਾਰ ਦੁਧਾਲਾ ਹਾਜ਼ਰ ਸਨ।
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਪ੍ਰਾਈਵੇਟ ਸਕੂਲ ਫੈਡਰੇਸ਼ਨ ਦੇ ਸੱਦੇ ’ਤੇ ਇਥੋਂ ਦੇ ਸਕੂਲਾਂ ਵਿੱਚ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਵੱਲੋਂ ਸਕੂਲਾਂ ਦੇ ਗੇਟਾਂ ’ਤੇ ਮੋਮਬੱਤੀਆਂ ਜਗਾ ਕੇ ਸੂਬਾ ਸਰਕਾਰ ਦੇ ਸਕੂਲਾਂ ਨੂੰ ਬੰਦ ਰੱਖੇ ਜਾਣ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਕੂਲਾਂ ਨੂੰ ਜਲਦੀ ਖੋਲ੍ਹਿਆ ਜਾਵੇ ਕਿਉਂਕਿ ਬੱਚੇ ਘਰਾਂ ਵਿਚ ਬੈਠ ਕੇ ਮਾਨਸਿਕ ਰੋਗੀ ਬਣ ਰਹੇ ਹਨ। ਇਸ ਰੁਝਾਨ ਦੇ ਆਉਣ ਵਾਲੇ ਸਮੇਂ ਵਿੱਚ ਕਈ ਗਲਤ ਨਤੀਜੇ ਸਾਹਮਣੇ ਆ ਸਕਦੇ ਹਨ। ਇਸੇ ਦੌਰਾਨ ਅਧਿਆਪਕਾਂ ਦਾ ਕਹਿਣਾ ਸੀ ਕਿ ਸਿਰਫ ਸਕੂਲ ਬੰਦ ਕਰਕੇ ਕਰੋਨਾ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਮਾਪਿਆਂ ਦਾ ਕਹਿਣਾ ਸੀ ਕਿ ਰਾਜਨੀਤਕ ਪਾਰਟੀਆਂ ਲੋਕਾਂ ਦਾ ਇਕੱਠ ਕਰਕੇ ਰੈਲੀਆਂ ਕਰ ਰਹੀਆਂ ਹਨ ਤੇ ਦੂਜੇ ਪਾਸੇ ਬੱਚਿਆਂ ਨੂੰ ਘਰਾਂ ਵਿੱਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਸ ਮੌਕੇ ਕਈ ਸਕੂਲਾਂ ਵਿੱਚ ਰੋਸ ਪ੍ਰਦਰਸ਼ਨ ਹੋਏ।
ਸਾਂਝੇ ਫਰੰਟ ਨੇ ਮਾਰਚ ਦੀ ਅਗਵਾਈ ਕੀਤੀ
ਵਿਦਿਆਰਥੀ ਆਗੂ ਸਿਮਰਨ ਅਤੇ ਲਵਪ੍ਰੀਤ ਸਿੰਘ ਨੇ ਆਖਿਆ ਕਿ 9 ਵਿਦਿਆਰਥੀ ਜਥੇਬੰਦੀਆਂ ਨੇ ਸਾਂਝੇ ਫਰੰਟ ਵੱਲੋਂ ਕੀਤੇ ਫੈਸਲੇ ਤਹਿਤ ਅੱਜ ਇਹ ਮਾਰਚ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕਰੋਨਾ ਨੂੰ ਢਾਲ ਬਣਾ ਕੇ ਵਰਤ ਰਹੀ ਹੈ ਅਤੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ। ਇਕ ਪਾਸੇ ਸਿਆਸੀ ਰੈਲੀਆਂ ਹੋ ਰਹੀਆਂ ਹਨ ਅਤੇ ਦੂਜੇ ਪਾਸੇ ਵਿਦਿਅਕ ਅਦਾਰੇ ਬੰਦ ਕੀਤੇ ਜਾ ਰਹੇ ਹਨ। ਵਿਦਿਆਰਥੀ ਆਗੂ ਸਿਮਰ ਗੋਪਾਲਪੁਰਾ, ਗਗਨਦੀਪ ਕੌਰ ਤੇ ਹੋਰਨਾਂ ਨੇ ਆਖਿਆ ਕਿ ਵਿਦਿਆਰਥੀ ਪੜ੍ਹਾਈ ਪ੍ਰਤੀ ਸੰਜੀਦਾ ਹਨ ਅਤੇ ਇਸ ਲਗਨ ਨੂੰ ਕਾਇਮ ਰੱਖਣ ਲਈ ਵਿਦਿਅਕ ਅਦਾਰੇ ਖੋਲ੍ਹਣ ਦੀ ਮੰਗ ਕਰ ਰਹੇ ਹਨ।