ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਸਤੰਬਰ
ਇਥੇ ਵਿਸ਼ਵ ਓਜ਼ਨ ਦਿਵਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਨੇ ਕਿਹਾ ਕਿ ਇਨਸਾਨ ਨੇ ਹੀ ਕੁਦਰਤ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਉਹ ਅੱਜ ਇਥੇ ਯੂਨੀਵਰਸਿਟੀ ਵਿੱਚ ਇਸ ਸਬੰਧੀ ਕਰਵਾਏ ਇਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਓਜ਼ੋਨ ਵਰਗੇ ਕੁਦਰਤੀ ਸਰੋਤ, ਜਿਨ੍ਹਾਂ ਕਾਰਨ ਧਰਤੀ ਉੱਤੇ ਜੀਵਨ ਹੈ, ਨੂੰ ਪੈਦਾ ਹੁੰਦੇ ਲੱਖਾਂ ਸਾਲ ਲੱਗ ਗਏ, ਪਰ ਸਾਡੀ ਜੀਵਨ-ਸ਼ੈਲੀ ਤੇ ਉਦਯੋਗਿਕ ਕ੍ਰਾਂਤੀ ਨੇ ਇਨ੍ਹਾਂ ਨੂੰ ਕਰੀਬ 100 ਸਾਲ ਦੇ ਅਰਸੇ ਵਿੱਚ ਹੀ ਵੱਡਾ ਨੁਕਸਾਨ ਪਹੁੰਚਾਇਆ ਹੈ। ਅੱਜ ਮਨੁੱਖ ਨੂੰ ਗੁਰੂ ਸਾਹਿਬ ਦੇ ਫਸਲਫੇ ‘ਪਵਨ ਗੁਰੂ ਪਾਣੀ ਪਿਤਾ’ ਨੂੰ ਸਮਝਣ ਅਤੇ ਉਸ ਉਤੇ ਚੱਲਣ ਦੀ ਲੋੜ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਕ ਵਾਰ ਵਰਤੋਂ ਯੋਗ ਪਾਲਸਟਿਕ ’ਤੇ ਲਗਾਈ ਪਾਬੰਦੀ ਅਜੇ ਜਾਗਰੂਕਤਾ ਦੌਰ ਵਿੱਚੋਂ ਹੀ ਲੰਘ ਰਹੀ ਹੈ ਤੇ ਜੇ ਲੋਕ ਨਾ ਸਮਝੇ ਤਾਂ ਸਰਕਾਰ ਵਰਤਣ, ਬਨਾਉਣ ਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਅੱਜ ਉਨ੍ਹਾਂ ਨੇ ਪ੍ਰਦੂਸ਼ਣ ਵਿਭਾਗ ਵੱਲੋਂ ਪੁਰਾਣੇ ਫੋਕਲ ਪੁਆਇੰਟ ’ਚ ਢਾਈ ਏਕੜ ਰਕਬੇ ’ਚ ਲਗਾਏ ਜੰਗਲ ਜਿਸ ਵਿੱਚ 40 ਤਰ੍ਹਾਂ ਦੇ ਦਰੱਖ਼ਤ ਲਗਾਏ ਗਏ ਹਨ, ਦੀ ਸ਼ੁਰੂਆਤ ਕੀਤੀ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ’ਚ ਵਾਤਾਵਰਨ ਸੰਭਾਲ ਲਈ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਕਰਦੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਥੋੜ੍ਹੇ ਅਰਸੇ ’ਚ ਹੀ ਚੰਗੇ ਨਤੀਜੇ ਮਿਲ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਆਦਰਸ਼ ਪਾਲ ਵਿਗ ਨੇ ਵਾਤਾਵਰਨ ਨੂੰ ਬਚਾਉਣ ਉੱਤੇ ਜ਼ੋਰ ਦਿੱਤਾ। ਇਸ ਮੌਕੇ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ, ਪ੍ਰੋ. ਸਰੋਜ ਅਰੋੜਾ ਨੇ ਓਜ਼ਨ ਦੀ ਮਹੱਤਤਾ ਬਾਰੇ ਰਿਪੋਰਟ ਸਾਂਝੀ ਕੀਤੀ।