ਰਾਜਨ ਮਾਨ
ਮਜੀਠਾ, 1 ਅਪਰੈਲ
ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਵਲੋਂ ਲੋਕਾਂ ਨੂੰ ਪਿੰਡ ਪੱਧਰ ‘ਤੇ ਲਾਮਬੰਦ ਕਰਕੇ ਸਿੱਧੀ ਅਦਾਇਗੀ ਤੇ ਖੇਤੀ ਕਾਨੂੰਨਾਂ ਵਿਰੁੱਧ ਡਟਣ ਦਾ ਸੱਦਾ ਦਿੱਤਾ ਹੈ। ਅੱਜ ਸਰਕਲ ਮਜੀਠਾ ਦੇ ਪਿੰਡਾਂ ਦੇ ਯੂਨੀਅਨ ਦੇ ਏਰੀਆ ਕਮੇਟੀ ਮੈਂਬਰਾਂ ਦੀ ਮੀਟਿੰਗ ਮਜੀਠਾ ਦਾਣਾ ਮੰਡੀ ਵਿਖੇ ਹੋਈ, ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਨਰਲ ਸਕੱਤਰ ਜਗਪ੍ਰੀਤ ਸਿੰਘ ਕੋਟਲਾ ਗੁੱੱਜਰਾਂ ਨੇੇ ਕਿਹਾ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕਣਕ ਦੀ ਫ਼ਸਲ ਦੀ ਖਰੀਦ ਲਈ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦੇ ਹੁਕਮ ਨਾਲ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਕਣਕ ਦੀ ਫ਼ਸਲ ਦੀ ਸਿੱਧੀ ਅਦਾਇਗੀ ਦਾ ਫੈਸਲਾ ਵਾਪਸ ਨਹੀਂ ਲੈਂਦੀ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ‘ਤੇ ਹਰਦੇਵ ਸਿੰਘ ਵਡਾਲਾ, ਸਾਹਬ ਸਿੰਘ ਮਜੀਠਾ, ਹਰਪਾਲ ਸਿੰਘ ਕੋਟਲਾ ਗੁੱਜਰਾਂ, ਸੇਠਾ ਸਿੰਘ ਵੀਰਮ, ਹਰਪ੍ਰੀਤ ਸਿੰਘ ਭਗਵਾਂ, ਜਸਕਰਨ ਸਿੰਘ ਡੰਡੀਆਂ, ਹਰਮਨ ਸਿੰਘ ਸੋਹੀਆਂ, ਵਿੱਕੀ ਜੌਹਲ ਤੇ ਪਿਆਰ ਸਿੰਘ ਵੀਰਮ ਹਾਜ਼ਰ ਸਨ।