ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਅਗਸਤ
ਇੱਥੇ ਅੱਜ ਪੰਜਾਬ ਸਟੇਟ ਵਾਰ ਮੈਮੋਰੀਅਲ ਵਿੱਚ ਭਾਰਤੀ ਫੌਜ ਦੀ ਡੋਗਰਾਈ ਬ੍ਰਿਗੇਡ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਤ ਲਾਈਵ ਬੈਂਡ ਦਾ ਪ੍ਰਸਾਰਨ ਕੀਤਾ ਗਿਆ। ਇਸ ਦੌਰਾਨ ਹਵਾਈ ਫ਼ੌਜ ਵੱਲੋਂ ਜਲ੍ਹਿਆਂਵਾਲਾ ਬਾਗ ਵਿੱਚ ਇਸੇ ਸਬੰਧੀ ਸੰਗੀਤ ਪ੍ਰੋਗਰਾਮ ਵੀ ਕਰਵਾਇਆ ਗਿਆ।
ਇਸ ਸਬੰਧੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਦੇ ਆਜ਼ਾਦੀ ਦਿਵਸ ਦੇ ਜਸ਼ਨਾਂ ਦੀ ਸ਼ੁਰੂਆਤ ਵਜੋਂ ਅੱਜ ਡੋਗਰਾਈ ਬ੍ਰਿਗੇਡ ਦੀ ਪੈਂਥਰ ਡਿਵੀਜ਼ਨ ਵੱਲੋਂ ਇੱਥੇ ਪੰਜਾਬ ਸਟੇਟ ਵਾਰ ਮੈਮੋਰੀਅਲ ਵਿੱਚ ਲਾਈਵ ਬੈਂਡ ਦਾ ਪ੍ਰਸਾਰਨ ਕੀਤਾ ਗਿਆ। ਬੈਂਡ ਵੱਲੋਂ ਦੇਸ਼ ਭਗਤੀ ਅਤੇ ਹੋਰ ਪ੍ਰੇਰਨਾਤਮਕ ਗੀਤਾਂ ਦੀਆਂ ਧੁਨਾਂ ਵਜਾਈਆਂ ਗਈਆਂ।
ਇਸ ਦੌਰਾਨ ਵੱਖਰੇ ਸਮਾਗਮ ਵਿੱਚ ਭਾਰਤੀ ਫ਼ੌਜ ਦੇ ਰਾਜਾਸਾਂਸੀ ਏਅਰਫੋਰਸ ਸਟੇਸ਼ਨ ਵੱਲੋਂ ਜਲ੍ਹਿਆਂਵਾਲਾ ਬਾਗ ਵਿੱਚ ਆਜ਼ਾਦੀ ਦਿਵਸ ਨੂੰ ਸਮਰਪਤ ਸੰਗੀਤ ਸਮਾਗਮ ਕੀਤਾ ਗਿਆ। ਸਟੇਸ਼ਨ ਕਮਾਂਡਰ ਗਰੁਪ ਕੈਪਟਨ ਨਰਸਿੰਘ ਸੈਲਾਨੀ ਵੱਲੋਂ ਸਮਾਰਕ ਵਿਖੇ ਫੁੱਲ ਮਾਲਾ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਏਅਰ ਵਾਰੀਅਰਜ਼ ਦੇ ਜੈਜ਼ ਬੈਂਡ ਨੇ ਆਪਣੀ ਪੇਸ਼ਕਾਰੀ ਕੀਤੀ। ਇਸ ਦੌਰਾਨ ਜਲਿਆਂਵਾਲਾ ਬਾਗ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਵਿੱਚੋਂ ਸੁਨੀਲ ਕਪੂਰ ਨੇ ਸ਼ਹੀਦੀ ਸਮਾਰਕ ਵਿੱਚ ਅਜਿਹੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਸਮਾਰਕ ਦੇ ਮਾਨ ਸਨਮਾਨ ਨੂੰ ਢਾਹ ਲੱਗੀ ਹੈ।