ਪੱਤਰ ਪ੍ਰੇਰਕ
ਅੰਮ੍ਰਿਤਸਰ, 18 ਜੁਲਾਈ
ਜਨਵਾਦੀ ਲੇਖਕ ਸੰਘ ਅਤੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਲੋਂ ਹਰ ਮਹੀਨੇ ਮਰਹੂਮ ਸ਼ਾਇਰ ਦੇਵ ਦਰਦ ਦੀ ਯਾਦ ਵਿੱਚ ਕਰਵਾਏ ਜਾਂਦੇ ‘ਤੇਰੀਆਂ ਗੱਲਾਂ ਤੇਰੇ ਨਾਲ’ ਸਮਾਗਮਾਂ ਦੀ ਲੜੀ ਤਹਿਤ ਸਾਹਿਤਕ ਮਹਿਫਲ ਰਚਾਈ ਗਈ। ਇਸ ਮੌਕੇ ਗਾਇਕ ਬੀਰ ਸਿੰਘ, ਸੂਫੀ ਸ਼ਾਇਰ ਅਤੇ ਸਾਬਕਾ ਆਈਪੀਐਸ ਅਧਿਕਾਰੀ ਬਖਤਾਵਰ ਸਿੰਘ ਅਤੇ ਗੀਤਕਾਰ ਹਰਪ੍ਰੀਤ ਸਿੰਘ ਸ਼ਾਹਪੁਰ ਨੇ ਕਿਹਾ ਕਿ ਸ਼ਾਇਰ ਦੇਵ ਦਰਦ ਮੂਹਰਲੀ ਕਤਾਰ ਦੇ ਗਜ਼ਲਗੋ ਸਨ, ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਉਨ੍ਹਾਂ ਦੀਆਂ ਬੇਹਤਰੀਨ ਗਜ਼ਲਾਂ ਨਾਮੀ ਗਾਇਕਾਂ ਦੀਆਂ ਅਵਾਜ਼ਾਂ ਵਿੱਚ ਰਿਕਾਰਡ ਕਰਵਾਉਣ ਲਈ ਉਹ ਸਾਂਝੇ ਤੌਰ ’ਤੇ ਯਤਨ ਕਰਨਗੇ।
ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਦੇਵ ਦਰਦ ਦੀ ਸ਼ਾਇਰੀ ਅਤੇ ਵਿਦਵਤਾ ਉਨ੍ਹਾਂ ਨੂੰ ਲੋਕ ਚੇਤਿਆਂ ਵਿੱਚੋਂ ਕਦੀ ਵੀ ਮਨਫੀ ਨਹੀਂ ਹੋਣ ਦੇਵੇਗੀ। ਰਚਨਾਵਾਂ ਦੇ ਦੌਰ ਵਿੱਚ ਡਾ. ਮੋਹਨ ਬੇਗੋਵਾਲ, ਜਸਵੰਤ ਧਾਪ, ਗਜ਼ਲਗੋ ਬਲਜਿੰਦਰ ਮਾਂਗਟ, ਹਰਪ੍ਰੀਤ ਸਿੰਘ ਸ਼ਾਹਪੁਰ, ਮਨਮੋਹਨ ਬਾਸਰਕੇ, ਵਰਿੰਦਰ ਸਹਿਦੇਵ, ਨਵਦੀਪ ਕੁਮਾਰ, ਤ੍ਰਿਪਤਾ, ਪਰਮਜੀਤ ਕੌਰ ਅਤੇ ਕੋਮਲ ਸਹਿਦੇਵ ਨੇ ਰਚਨਾਵਾਂ ਸਾਂਝੀਆਂ ਕੀਤੀਆਂ।