ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਮਈ
ਗੁਰੂ ਘਰਾਂ ਵਿਚ ਕੀਰਤਨ ਕਰਨ ਵਾਲੇ ਰਾਗੀਆਂ ਵਲੋਂ ਬੀਤੇ ਕੱਲ੍ਹ ਲੁਧਿਆਣਾ ਵਿਚ ਇਕ ਮੀਟਿੰਗ ਕਰਨ ਤੋਂ ਬਾਅਦ ਅੱਜ ਕੁਝ ਮੁੱਦਿਆਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਰਾਗੀ ਸਿੰਘ ਗੁਰਦੇਵ ਸਿੰਘ, ਬਲਵਿੰਦਰ ਸਿੰਘ ਲੋਪੋਕੇ, ਸੰਦੀਪ ਸਿੰਘ, ਕਾਰਜ ਸਿੰਘ, ਸੁਖਵੰਤ ਸਿੰਘ , ਜੋਗਿੰਦਰ ਸਿੰਘ ਤੇ ਹੋਰਨਾਂ ਵਲੋਂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਸੌਂਪਿਆ ਗਿਆ। ਰਾਗੀ ਸਿੰਘਾਂ ਨੇ ਦੱਸਿਆ ਕਿ ਦੇਸ਼ ਵਿਦੇਸ਼ ਵਿਚ ਸਮੂਹ ਗੁਰਦੁਆਰਾ ਕਮੇਟੀਆਂ ਰਾਗੀ ਸਿੰਘਾਂ ਦੀ ਕੀਰਤਨ ਭੇਟਾ ਵਿਚੋਂ ਅੱਧਾ ਹਿੱਸਾ ਲੈਂਦੀਆਂ ਹਨ, ਜੋ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੀਰਤਨ ਦੌਰਾਨ ਸੰਗਤਾਂ ਵਲੋਂ ਸਤਿਕਾਰ ਵਜੋਂ ਹਰਮੋਨੀਅਮ ’ਤੇ ਰੱਖੀ ਮਾਇਆ ਵੀ ਦੇਸ਼ ਵਿਦੇਸ਼ ਵਿਚ ਕਮੇਟੀਆਂ ਵਲੋਂ ਚੁੱਕ ਕੇ ਗੋਲਕ ਵਿਚ ਪਾ ਲਈ ਜਾਂਦੀ ਹੈ ਅਤੇ ਇਸ ਦੀ ਪਰਚੀ ਕੱਟ ਦਿੱਤੀ ਜਾਂਦੀ ਹੈ, ਜੋ ਕਿ ਬੰਦ ਹੋਣੀ ਚਾਹੀਦੀ ਹੈ। ਕੀਰਤਨ ਪ੍ਰਚਾਰ ਦੌਰਾਨ ਗੁਰਦੁਆਰਾ ਕਮੇਟੀਆਂ ਵਲੋਂ ਰਾਗੀ ਸਿੰਘਾਂ ਕੋਲੋਂ ਪ੍ਰਤੀ ਮੈਂਬਰ ਪੰਜ ਹਜ਼ਾਰ ਰੁਪਇਆ ਲਿਆ ਜਾਂਦਾ ਹੈ, ਜਿਸਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਪ੍ਰਬੰਧਕਾਂ ਨੂੰ ਇਸ ਸਬੰਧੀ ਲੋੜੀਂਦੇ ਆਦੇਸ਼ ਜਾਰੀ ਕੀਤੇ ਜਾਣ।