ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਫਰਵਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਗਿਆਨ ਸਪਤਾਹ ਮੇਲੇ ‘ਵਿਗਿਆਨ ਸਰਵਤ੍ਰ ਪੂਜਯਤੇ’ ਸ਼ੁਰੂ ਕੀਤਾ ਗਿਆ। 28 ਫਰਵਰੀ ਤਕ ਚੱਲਣ ਵਾਲੇ ਇਸ ਮੇਲੇ ਨੂੰ ਸੱਭਿਆਚਾਰਕ ਮੰਤਰਾਲੇ ਦੇ ਇਕ ਪ੍ਰੋਗਰਾਮ ‘ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ, ਪਾਪੁਲਰਾਈਜੇਸ਼ਨ ਐਂਡ ਇਟਸ ਐਕਸਟੈਂਸਨ’ ਦੇ ਤਹਿਤ ਰਾਜ ਦੀ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਵਿਗਿਆਨ ਪ੍ਰਸਾਰ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ 400 ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਭਾਗ ਲੈ ਰਹੇ ਹਨ।
ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਚ ਇਸ ਮੇਲੇ ਦਾ ਆਗਾਜ਼ ਹੋਇਆ, ਜਿਸ ਵਿਚ ਉਤਸਵ ਦੇ ਸਥਾਨਕ ਕੋਆਰਡੀਨੇਟਰ ਡਾ. ਬਿੰਦੀਆ ਅਰੋੜਾ ਵੱਲੋਂ ਸੁਆਗਤ ਕੀਤਾ ਗਿਆ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਦੀਪ ਸਿੰਘ ਨੇ ਮੁੱਖ ਮਹਿਮਾਨ ਪ੍ਰੋ. ਦਿਨੇਸ਼ ਸਿੰਘ ਤੇ ਚਾਂਸਲਰ ਕੇਆਰ ਮੰਗਲਮ ਦਾ ਸਵਾਗਤ ਕਰਦਿਆਂ ’ਵਰਸਿਟੀ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਪ੍ਰੋ. ਦਿਨੇਸ਼ ਸਿੰਘ ਨੇ ਵਿਗਿਆਨ ਅਤੇ ਤਕਨਾਲੋਜੀ ਪ੍ਰਤੀ ਭਾਰਤੀ ਵਿਗਿਆਨੀਆਂ ਦੇ ਯੋਗਦਾਨ ਤੋਂ ਜਾਣੂ ਕਰਵਾਇਆ।