ਟ੍ਰਿਬਿਊਨ ਨਿਉਜ਼ ਸਰਵਿਸ
ਅੰਮ੍ਰਿਤਸਰ, 1 ਅਗਸਤ
ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੰਮ ਕਰਦੇ ਲੈਬ ਟੈਕਨੀਸ਼ੀਅਨਾਂ ਨੇ ਚਾਰ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਅੱਜ ਹੜਤਾਲ ਕੀਤੀ। ਉਨ੍ਹਾਂ ਇਸ ਸਬੰਧੀ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮੰਗ ਪੱਤਰ ਸੌਂਪਿਆ। ਪੋਸਟਰ ਲੈ ਕੇ ਰੋਸ ਪ੍ਰਗਟਾ ਰਹੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਡਾ. ਨਿੱਝਰ ਨੂੰ ਦੱਸਿਆ ਕਿ ਪਿਛਲੇ ਚਾਰ ਮਹੀਨੇ ਤੋਂ ਉਨ੍ਹਾਂ ਦੀ ਤਨਖ਼ਾਹ ਨਹੀਂ ਆਈ ਜਿਸ ਕਾਰਨ ਉਹ ਆਰਥਿਕ ਤੰਗੀ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਨਹੀਂ ਚੱਲ ਰਿਹਾ। ਕਈ ਵਾਰ ਤਨਖਾਹਾਂ ਦੇਣ ਦੇ ਭਰੋਸੇ ਦਿੱਤੇ ਗਏ ਹਨ ਪਰ ਹੁਣ ਤੱਕ ਤਨਖਾਹ ਨਹੀਂ ਮਿਲੀ। ਅੱਜ ਮਜਬੂਰ ਹੋ ਕੇ ਉਨ੍ਹਾਂ ਨੂੰ ਹੜਤਾਲ ’ਤੇ ਜਾਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਤਨਖਾਹਾਂ ਨਹੀ ਮਿਲਦੀਆਂ, ਉਹ ਲੈਬਾਰੇਟਰੀਆਂ ਵਿੱਚ ਖੂਨ ਦੇ ਸੈਂਪਲ ਨਹੀਂ ਲੈਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅਜਿਹੀਆਂ ਸੱਤ ਲੈਬ ਹਨ ਜਿਨ੍ਹਾਂ ਵਿੱਚੋਂ ਦੋ ਲੈਬ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਨਹੀਂ ਆ ਰਹੀਆਂ। ਡਾ ਨਿੱਝਰ ਨੇ ਉਨ੍ਹਾਂ ਨੂੰ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।