ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਅਕਤੂਬਰ
ਪੰਜਾਬ ਸਰਕਾਰ ਵੱਲੋਂ ਚਾਲੂ ਵਿਧਾਨ ਸਭਾ ਸੈਸ਼ਨ ਵਿਚ ‘ਪੰਜਾਬ ਵਿਲੇਜ਼ ਕਾਮਨ ਲੈਂਡ ਰੈਗੂਲੇਸ਼ਨ ਸੋਧ’ ਤਹਿਤ ਕੀਤੇ ਫੇਰ ਬਦਲ ਦਾ ਵਿਰੋਧ ਕਰਦੇ ਹੋਏ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਇੱਥੇ ਸਥਾਨਕ ਗੋਲਡਨ ਗੇਟ ਨੇੜੇ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਵਿਖਾਵਾ ਕੀਤਾ।
ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਕੀਤੇ ਰੋਸ ਵਿਖਾਵੇ ਵਿਚ ਸੰਬੋਧਨ ਕਰਦਿਆਂ ਕਿਸਾਨ ਬੁਲਾਰਿਆਂ ਨੇ ਕਿਹਾ ਕਿ ‘ਸ਼ਾਮਲਾਟ ਅਤੇ ਜੁਮਲਾ ਮੁਸ਼ਤਰਕਾ ਮਾਲਕੀ ਜ਼ਮੀਨਾਂ’ ਨੂੰ ਗ੍ਰਾਮ ਪੰਚਾਇਤਾਂ ਅਧੀਨ ਕਰਨ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ। ਸਗੋਂ ਇਹ ਜ਼ਮੀਨਾਂ ਜਿਨ੍ਹਾਂ ਕਾਸ਼ਤਕਾਰਾਂ ਕੋਲ਼ ਸਨ, ਉਨ੍ਹਾਂ ਨੂੰ ਹੀ ਮਾਲਕੀ ਹੱਕ ਦਿੱਤੇ ਜਾਣ| ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਡੇ ਧਨਾਢ ਲੋਕਾਂ ਕੋਲੋਂ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛੁਡਵਾਉਣ ਵਿੱਚ ਤਾਂ ਅਸਫ਼ਲ ਰਹੀ ਹੈ, ਹੁਣ ਉਲਟਾ ਲੋਕਾਂ ਦੁਆਰਾ ਦਿੱਤੀ ਤਾਕਤ ਦੀ ਦੁਰਵਰਤੋਂ ਕਰ ਕੇ ਆਮ ਨਾਗਰਿਕ ਦੇ ਹੱਕ ਖੋਹਣ ਲੱਗ ਗਈ ਹੈ| ਉਨ੍ਹਾਂ ਕਿਹਾ ਕਿ ਮੌਸਮੀ ਮਾਰਾਂ ਦੇ ਪੀੜਤ ਕਿਸਾਨਾਂ ਦੀ ਮਦਦ ਦੀ ਥਾਂ ਸਰਕਾਰ ਉਨ੍ਹਾਂ ਲਈ ਮੁਸੀਬਤ ਖੜ੍ਹੀ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਆਪਣਾ ਇਹ ਫ਼ੈਸਲਾ ਵਾਪਸ ਨਹੀਂ ਲੈਂਦੀ ਤਾਂ ਜਥੇਬੰਦੀ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਲੰਬੇ ਤੇ ਤਿੱਖੇ ਸੰਘਰਸ਼ ਦਾ ਪ੍ਰੋਗਰਾਮ ਉਲੀਕ ਸਕਦੀ ਹੈ|