ਅੰਮ੍ਰਿਤਸਰ: ਇੱਥੇ ਥਾਣਾ ਸੀ ਡਿਵੀਜ਼ਨ ਹੇਠ ਆਉਂਦੇ ਇਲਾਕੇ ਤਰਨ ਤਾਰਨ ਰੋਡ ਦੀ ਗੁਰੂ ਰਾਮਦਾਸ ਮਾਰਕੀਟ ਵਿੱਚ ਕੁਝ ਹਥਿਆਰਬੰਦ ਵਿਅਕਤੀਆਂ ਨੇ ਬੀਤੀ ਰਾਤ ਇਕ ਵਿਅਕਤੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਮਿਲੇ ਵੇਰਵਿਆਂ ਮੁਤਾਬਕ ਜਸਪਾਲ ਸਿੰਘ ਸਕੂਟਰ ਮਕੈਨਿਕ ਸੀ। ਜਿਸ ਵੇਲੇ ਇਹ ਘਟਨਾ ਵਾਪਰੀ ,ਉਹ ਦੁਕਾਨ ’ਤੇ ਸੀ। ਉਸ ਨੇ ਇਹ ਦੁਕਾਨ ਕਿਰਾਏ ’ਤੇ ਲਈ ਹੋਈ ਸੀ ਜਦੋਂ ਕਿ ਹਮਲਾਵਰਾਂ ਵਿੱਚ ਸ਼ਾਮਲ ਕੁਝ ਵਿਅਕਤੀ ਇਸੇ ਦੁਕਾਨ ਦੇ ਉੱਪਰ ਮਕਾਨ ਵਿੱਚ ਰਹਿੰਦੇ ਸਨ। ਔਰਤ ਨਾਲ ਛੇੜ-ਛਾੜ ਦੇ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਚਾਰ ਦਿਨ ਪਹਿਲਾਂ ਝਗੜਾ ਹੋਇਆ ਸੀ। ਇਸ ਕਾਰਨ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹਮਲਾਵਰ ਹਮਲੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਮ੍ਰਿਤਕ ਜਸਪਾਲ ਦੇ ਪਰਿਵਾਰਕ ਮੈਂਬਰਾਂ ਨੇ ਔਰਤ ਨਾਲ ਛੇੜਛਾੜ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਹਮਲਾਵਰ ਉਸ ਦੀ ਦੁਕਾਨ ਦੇ ਸਾਹਮਣੇ ਗੰਦਗੀ ਸੁੱਟਦੇ ਸਨ ਜਿਸ ਦਾ ਉਹ ਵਿਰੋਧ ਕਰਦਾ ਸੀ ਅਤੇ ਇਸੇ ਮਾਮਲੇ ਨੂੰ ਲੈ ਕੇ ਝਗੜਾ ਹੋਇਆ ਸੀ। ਥਾਣਾ ਸੀ ਡਿਵੀਜ਼ਨ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਆਖਿਆ ਕਿ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਮ੍ਰਿਤਕ ਦੇ ਭਰਾ ਜਗਤਾਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਹਮਲਾਵਰਾਂ ਦੀ ਸ਼ਨਾਖਤ ਸ਼ੇਰਾ, ਹੈਪੀ, ਗੁਰਜਿੰਦਰ ਤੇ ਰਾਜਬੀਰ ਆਦਿ ਵਜੋਂ ਹੋਈ ਹੈ ਜੋ ਫ਼ਰਾਰ ਹਨ। ਪੁਲੀਸ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ। -ਟ੍ਰਿਬਿਊਨ ਨਿਊਜ਼ ਸਰਵਿਸ