ਪੱਤਰ ਪ੍ਰੇਰਕ
ਅੰਮ੍ਰਿਤਸਰ, 15 ਨਵੰਬਰ
ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿੱਚ ਦੋ-ਰੋਜ਼ਾ ‘6ਵਾਂ ਖ਼ਾਲਸਾ ਕਾਲਜਿਜ਼ ਯੂਥ ਫੈਸਟੀਵਲ-2021’ ਅੱਜ ਸੰਪੰਨ ਹੋ ਗਿਆ। ਖਾਲਸਾ ਕਾਲਜ ਫਾਰ ਵਿਮੈਨ ਨੇ ਓਵਰ ਆਲ ਟਰਾਫੀ ’ਤੇ ਕਬਜ਼ਾ ਕੀਤਾ ਜਦੋਂ ਕਿ ਖਾਲਸਾ ਕਾਲਜ ਨੇ ਪਹਿਲਾ ਰਨਰਅੱਪ ਅਤੇ ਖਾਲਸਾ ਕਾਲਜ ਐਜੂਕੇਸ਼ਨ ਰਣਜੀਤ ਐਵੀਨਿਊ ਦੂਜੇ ਸਥਾਨ ’ਤੇ ਰਿਹਾ। ਖ਼ਾਲਸਾ ਕਾਲਜ ਮੈਨੇਜਮੈਂਟ ਅਧੀਨ ਚੱਲ ਰਹੇ 13 ਕਾਲਜਾਂ ਤੋਂ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਫੈਸਟੀਵਲ ’ਚ ਹਿੱਸਾ ਲਿਆ। ਫੈਸਟੀਵਲ ਦੌਰਾਨ ਵਿਦਿਆਰਥੀਆਂ ਨੇ ਸ਼ਬਦ ਗਾਇਨ, ਭਜਨ, ਕਵੀਸ਼ਰੀ, ਗੀਤ-ਗਜ਼ਲ, ਫੋਕ ਸੌਂਗ, ਫੈਂਸੀ ਡਰੈੱਸ (ਪੰਜਾਬੀ ਪਹਿਰਾਵਾ), ਮਮਿਕਰੀ, ਮੋਨੋ ਐਕਟਿੰਗ, ਸਕਿੱਟ, ਰੰਗੋਲੀ, ਮਹਿੰਦੀ, ਫੁਲਕਾਰੀ, ਡਬਿੇਟ, ਕੁਇਜ਼, ਪੇਂਟਿੰਗ, ਪੋਸਟਰ ਮੇਕਿੰਗ, ਕਾਰਟੂਨਿੰਗ, ਕਾਲਜ, ਕਲੇਅ ਮਾਡਲਿੰਗ ਅਤੇ ਸਕਿੱਟ ਦੀ ਪੇਸ਼ਕਾਰੀ ਦਿੱਤੀ ਅਤੇ ਅਖ਼ਰੀਲੇ ਦਿਨ ਭੰਗੜਾ, ਗਿੱਧਾ, ਰਿਜ਼ਨਲ ਡਾਂਸ, ਕੁਇੱਜ਼ ਫਾਈਨਲ ਅਤੇ ਐਕਸ਼ਨ ਸਾਂਗ ਆਦਿ ’ਚ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ।
ਜੇਸੀਡੀਏਵੀ ਕਾਲਜ ਵਿੱਚ ਯੁਵਕ ਤੇ ਵਿਰਾਸਤੀ ਮੇਲੇ ਦਾ ਦੂਸਰਾ ਦਿਨ਼
ਦਸੂਹਾ(ਭਗਵਾਨ ਦਾਸ ਸੰਦਲ): ਇਥੇ ਜੇਸੀਡੀਏਵੀ ਕਾਲਜ ਦਸੂਹਾ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਿੰ. ਡਾ. ਅਮਰਦੀਪ ਗੁਪਤਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਚਾਰ-ਰੋਜ਼ਾ ਜ਼ੋਨਲ ਯੂਥ ਫੈਸਟੀਵਲ ਦੇ ਦੂਸਰੇ ਦਿਨ ਦਾ ਉਦਘਾਟਨ ਉਘੇ ਸਮਾਜ ਸੇਵੀ ਅਤੇ ਕਾਰੋਬਾਰੀ ਕੇ.ਡੀ ਖੋਸਲਾ ਵੱਲੋਂ ਕੀਤਾ ਗਿਆ। ਲੋਕ ਗੀਤ ਮੁਕਾਬਲਿਆਂ ਵਿੱਚ ਐੱਸ.ਐੱਮ.ਐੱਸ ਕਰਮਜੋਤ ਕਾਲਜ ਫਾਰ ਵਿਮੈਨ ਮਿਆਣੀ, ਜੀ.ਟੀ.ਬੀ ਕਾਲਜ ਦਸੂਹਾ, ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਜੀ.ਜੀ.ਡੀ.ਐੱਸ ਕਾਲਜ ਹਰਿਆਣਾ ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ। ਹੈਰੀਟੇਜ ਕੁਇਜ਼ ਵਿੱਚ ਸਰਕਾਰੀ ਕਾਲਜ ਟਾਂਡਾ ਉੜਮੁੜ, ਜੇਸੀਡੀਏਵੀ ਕਾਲਜ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਤੇ ਜੀ.ਟੀ.ਬੀ ਕਾਲਜ ਦਸੂਹਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਲਾਈਟ ਮਿਊਜ਼ਿਕ ਵੋਕਲ ਗੀਤ ਮੁਕਾਬਲਿਆਂ ਵਿਚ ਐੱਸ.ਐੱਮ.ਐੱਸ ਕਰਮਜੋਤ ਕਾਲਜ ਫਾਰ ਵਿਮੈਨ ਮਿਆਣੀ, ਦਸਮੇਸ਼ ਕਾਲਜ ਮੁਕੇਰੀਆਂ ਅਤੇ ਐੱਸ.ਪੀ.ਐੱਨ. ਕਾਲਜ ਮੁਕੇਰੀਆਂ ਨੇ ਕ੍ਰਮਵਾਰ ਪਹਿਲੇ ਸਥਾਨ ਹਾਸਲ ਕੀਤੇ। ਗਰੁੱਪ ਸ਼ਬਦ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ, ਖਾਲਸਾ ਕਾਲਜ ਗੜ੍ਹਦੀਵਾਲਾ ਅਤੇ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਨੇ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ’ਤੇ ਰਹੇ। ਗਰੁੱਪ ਭਜਨ ਅਤੇ ਝੂਮਰ ਨਾਚ ਮੁਕਾਬਲਿਆਂ ਵਿੱਚ ਐੱਸ.ਪੀ.ਐੱਨ. ਕਾਲਜ ਅੱਵਲ ਰਿਹਾ।