ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਜਨਵਰੀ
ਭਾਰਤੀ ਚੋਣ ਕਮਿਸ਼ਨ ਵੱਲੋਂ ਕਰੋਨਾ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਲਾਈਆਂ ਪਾਬੰਦੀਆਂ ਦੇ ਮੱਦੇਨਜ਼ਰ ਭਾਜਪਾ ਨੇ ਚੋਣ ਪ੍ਰਚਾਰ ਵਰਚੂਅਲ ਢੰਗ ਨਾਲ ਕਰਨ ਲਈ ਤਿਆਰੀ ਕਰ ਲਈ ਹੈ। ਇਸੇ ਤਹਿਤ 19 ਜਨਵਰੀ ਨੂੰ ਭਾਜਪਾ ਦੇ ਕੌਮੀ ਆਗੂਆਂ ਵੱਲੋਂ ਇੱਥੇ ਵਰਚੂਅਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਸਬੰਧੀ ਸਥਾਨਕ ਭਾਜਪਾ ਆਗੂਆਂ ਵੱਲੋਂ ਤਿਆਰੀ ਸ਼ੁਰੂ ਕੀਤੀ ਗਈ ਹੈ।
ਇਸ ਸਬੰਧ ਵਿਚ ਭਾਜਪਾ ਦੇ ਦਫ਼ਤਰ ਖੰਨਾ ਸਮਾਰਕ ਵਿਚ ਜਨਰਲ ਸਕੱਤਰ ਰਜੇਸ਼ ਕੰਧਾਰੀ ਦੀ ਅਗਵਾਈ ਹੇਠ ਅਹੁਦੇਦਾਰਾਂ, ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਹੋਰ ਆਗੂਆਂ ਦੀ ਮੀਟਿੰਗ ਕੀਤੀ ਗਈ ਹੈ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਆਗੂ ਰਜੇਸ਼ ਹਨੀ ਨੇ ਦੱਸਿਆ ਕਿ ਕਰੋਨਾ ਪਾਬੰਦੀਆਂ ਤਹਿਤ ਭਾਜਪਾ ਵੱਲੋਂ ਵਰਚੂਅਲ ਢੰਗ ਨਾਲ ਆਪਣੇ ਵਰਕਰਾਂ ਅਤੇ ਲੋਕਾਂ ਨਾਲ ਜੁੜਨ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਚੋਣ ਪ੍ਰਚਾਰ ਲਈ ਹੋਰ ਵੀ ਡਿਜੀਟਲ ਮਾਧਿਅਮ ਵਰਤੇ ਜਾਣਗੇ। 19 ਜਨਵਰੀ ਨੂੰ ਹੋਣ ਵਾਲੀ ਵਰਚੂਅਲ ਰੈਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਪੰਜਾਬ ਚੋਣਾਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਇਸ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਵਰਚੁਐਲ ਰੈਲੀ ਅੰਮ੍ਰਿਤਸਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਹਰ ਮੰਡਲ ਅਤੇ ਸ਼ਕਤੀ ਕੇਂਦਰਾਂ ਵਿਚ ਕੀਤੀ ਜਾਵੇਗੀ।