ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਨਵੰਬਰ
ਸਰਕਾਰੀ ਮੈਡੀਕਲ ਕਾਲਜ ਦੇ ਪੋਸਟ ਗਰੈਜੂਏਟ (ਪੀਜੀ) ਵਿਦਿਆਰਥੀਆਂ, ਜਿਨਾਂ ਨੂੰ ਜੂਨੀਅਰ ਰੈਜ਼ੀਡੈਂਟ ਡਾਕਟਰ (ਜੇਆਰਡੀ) ਵੀ ਆਖਿਆ ਜਾਂਦਾ ਹੈ, ਵੱਲੋਂ ਅੱਜ ਹਸਪਤਾਲ ਵਿਚ ਓਪੀਡੀ ਸੇਵਾਵਾਂ ਦਾ ਬਾਈਕਾਟ ਕਰਦੇ ਹੋਏ ਰੋਸ ਦਿਖਾਵਾ ਕੀਤਾ ਗਿਆ। ਦਿਖਾਵਾਕਾਰੀ ਮੰਗ ਕਰ ਰਹੇ ਹਨ ਕਿ ਜੇਆਰਡੀ ਦਾ ਨਵਾਂ ਬੈਚ ਤੁਰੰਤ ਭੇਜਿਆ ਜਾਵੇ। ਇਨ੍ਹਾਂ ਦੀ ਦੇਰ ਕਾਰਨ ਉਨ੍ਹਾਂ ਨੂੰ ਨਾ ਸਿਰਫ਼ ਵਾਧੂ ਕੰਮ ਕਰਨਾ ਪੈ ਰਿਹਾ ਹੈ ਸਗੋਂ ਕੰਮ ਪ੍ਰਭਾਵਿਤ ਵੀ ਹੋ ਰਿਹਾ ਹੈ।
ਦਿਖਾਵਾਕਾਰੀ ਵਿਦਿਆਰਥੀਆਂ ਨੇ ਆਖਿਆ ਕਿ ਹਰ ਵਾਰ ਨੀਟ ਤੇ ਪੀਜੀ ਪ੍ਰੀਖਿਆਵਾਂ ਜਨਵਰੀ-ਫਰਵਰੀ ਮਹੀਨੇ ਵਿਚ ਹੁੰਦੀਆਂ ਹਨ ਪਰ ਇਸ ਵਾਰ ਸਤੰਬਰ ਮਹੀਨੇ ਵਿਚ ਹੋਈਆਂ ਹਨ। ਹੁਣ ਇਸ ਸਬੰਧੀ ਅਦਾਲਤ ਵਿਚ ਚੱਲ ਰਹੇ ਕੇਸ ਕਾਰਨ ਵਿਦਿਆਰਥੀਆਂ ਦੇ ਨਵੇਂ ਬੈਚ ਨਹੀਂ ਆ ਰਹੇ ਹਨ। ਇਸ ਮਾਮਲੇ ਵਿਚ ਹੋ ਰਹੀ ਦੇਰ ਕਾਰਨ ਹਸਪਤਾਲਾਂ ਵਿਚ ਇਲਾਜ ਸਬੰਧੀ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਨਵੇਂ ਜੇਆਰਡੀ ਬੈਚ ਦੇ ਨਾ ਆਉਣ ਕਾਰਨ ਦੂਜੇ ਵਰ੍ਹੇ ਨਾਲ ਸਬੰਧਿਤ ਜੇਆਰਡੀ ਵਿਦਿਆਰਥੀਆਂ ਨੂੰ ਪਹਿਲੇ ਅਤੇ ਦੂਜੇ ਵਰ੍ਹੇ ਦੇ ਵਿਦਿਆਰਥੀਆਂ ਦਾ ਕੰਮ ਦੇਖਣਾ ਪੈ ਰਿਹਾ ਹੈ। ਇਸੇ ਤਰ੍ਹਾਂ ਤੀਜੇ ਵਰ੍ਹੇ ਦੇ ਜੇਆਰਡੀ ਵਿਦਿਆਰਥੀ, ਜਿਨ੍ਹਾਂ ਦੀਆਂ ਪ੍ਰੀਖਿਆਵਾਂ ਵੀ ਹਨ, ਉਨ੍ਹਾਂ ਨੂੰ ਵੀ ਵਾਧੂ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਜੇਆਰਡੀ ਦਾ ਪਹਿਲੇ ਵਰ੍ਹੇ ਦਾ ਬੈਚ ਸਮੇਂ ਸਿਰ ਆ ਜਾਵੇ ਤਾਂ ਉਹ ਨਵੰਬਰ ਦਸੰਬਰ ਮਹੀਨੇ ਵਿੱਚ ਇਥੋਂ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦੇ ਹਨ ਪਰ ਹੁਣ ਉਹ ਹੋਈ ਦੇਰ ਕਾਰਨ ਆਪਣੀ ਪੜ੍ਹਾਈ ’ਤੇ ਧਿਆਨ ਕੇਂਦ੍ਰਿਤ ਕਰਨ ਤੋਂ ਅਸਮਰਥ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਜੇਆਰਡੀ ਦੇ ਪਹਿਲੇ ਵਰ੍ਹੇ ਦੇ ਵਿਦਿਆਰਥੀਆਂ ਦੇ ਬੈਚ ਨੂੰ ਬਿਨਾਂ ਦੇਰੀ ਕਾਲਜਾਂ ਵਿਚ ਆਉਣ ਦੀ ਆਗਿਆ ਦਿੱਤੀ ਜਾਵੇ।