ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਨਵੰਬਰ
ਪਿਛਲੇ ਕਈ ਸਾਲਾਂ ਤੋਂ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗੁਰੂ ਖਾਲਸਾ ਪੰਥ ਵੱਲੋਂ ਪੰਜ ਸਿੰਘਾਂ ਦੀ ਅਗਵਾਈ ਵਿਚ ਜਥਾ ਗਵਾਲੀਅਰ ਲਈ ਰਵਾਨਾ ਹੋਇਆ, ਜਿਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇਗੀ। ਜਥਾ 7 ਨਵੰਬਰ ਨੂੰ ਬੰਦੀ ਛੋੜ ਦਾਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਸਿੰਘਾਂ ਦੀ ਬੰਦ ਖ਼ਲਾਸੀ ਲਈ ਅਰਦਾਸ ਬੇਨਤੀ ਕਰੇਗਾ। ਪੰਜਾਂ ਸਿੰਘਾਂ ਵਿੱਚ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਤਰਲੋਕ ਸਿੰਘ, ਭਾਈ ਦਲਬੀਰ ਸਿੰਘ ਅਤੇ ਭਾਈ ਤਰਸੇਮ ਸਿੰਘ ਸ਼ਾਮਲ ਹਨ। ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗੁਰੂ ਖਾਲਸਾ ਪੰਥ ਵਲੋਂ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਪੰਜਾਂ ਸਿੰਘਾਂ ਦੀ ਅਗਵਾਈ ਵਿੱਚ ਅੰਮ੍ਰਿਤਸਰ, ਪਟਿਆਲਾ, ਚੰਡੀਗੜ੍ਹ,ਯੂ.ਪੀ. ਅਤੇ ਨਾਗਪੁਰ ਤੋ ਸਿੱਖ ਸੰਗਤਾਂ ਅਰਦਾਸ ਵਿੱਚ ਸ਼ਾਮਲ ਹੋ ਰਹੀਆਂ ਹਨ। ਉਨ੍ਹਾਂ ਦਸਿਆ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਵਸ ’ਤੇ ਦੋ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਜੋ ਬੰਦੀ ਸਿੰਘ ਰਿਹਾਅ ਕਰਨ ਦਾ ਐਲਾਨ ਕੀਤਾ ਸੀ, ਉਹ ਅੱਜ ਤਕ ਪੂਰਾ ਨਹੀਂ ਹੋਇਆ ਕਿਉਂਕਿ ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਖੈੜਾ ਦੀ ਰਿਹਾਈ ਜਾਣ ਕੇ ਲਟਕਾਈ ਜਾ ਰਹੀ ਹੈ।