ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 23 ਜਨਵਰੀ
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿੱਚ ਚੱਲ ਰਿਹਾ ਰੇਲ ਰੋਕੋ ਅੰਦੋਲਨ 122ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ 27ਵੇਂ ਦਿਨ ਜਾਰੀ ਹੈ। ਇਸ ਦੌਰਾਨ ਕਿਸਾਨਾਂ ਨੂੰ 24 ਜਨਵਰੀ ਤੱਕ ਦਿੱਲੀ ਪਹੁੰਚਣ ’ਤੇ ਪਿੱਛੇ ਰਹਿਣ ਵਾਲੇ ਕਿਸਾਨਾਂ ਨੂੰ ਜ਼ਿਲ੍ਹਾ ਹੈਡ ਕੁਆਰਟਰਾਂ ’ਤੇ ਟਰੈਕਟਰ ਪਰੇਡ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨ ਖਿਲ਼ਾਫ ਪ੍ਰਦਰਸ਼ਨ ਵੱਡੇ ਪੱਧਰ ’ਤੇ ਹੋ ਸਕੇ। ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਹੁਣ ਕੇਂਦਰ ਸਰਕਾਰ ਮੀਟਿੰਗ ’ਚ ਕਿਸਾਨਾਂ ਦੇ ਨੁਮਾਇੰਦਿਆਂ ਦਾ ਅਪਮਾਨ ਕਰ ਰਹੀ ਹੈ ਅਤੇ ਗੱਲਬਾਤ ਟੁੱਟ ਗਈ ਹੈ ਪਰ ਇਸ ਤੋਂ ਭਟਕਨਾ ਨਹੀਂ ਹੈ। 26 ਜਨਵਰੀ ਦੀ ਪਰੇਡ ਵਿੱਚ ਲੱਖਾਂ ਟਰੈਕਟਰਾਂ ਨਾਲ ਕਿਸਾਨ ਪੁਰ ਅਮਨ ਤਰੀਕੇ ਨਾਲ ਹਿੱਸਾ ਲੈਣਗੇ ਤੇ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿਸੇ ਕਿਸਮ ਦੀ ਭੜਕਾਹਟ ਵਿੱਚ ਨਹੀਂ ਆਉਣਾ। ਜ਼ਿਲ੍ਹਾ ਸਕੱਤਰ ਰਣਬੀਰ ਸਿੰਘ ਰਾਣਾ ਨੇ ਕਿਹਾ ਅੰਮਿ੍ਤਸਰ ਬਾਈਪਾਸ ਤੋਂ ਤਰਨਤਾਰਨ ਨੂੰ ਜਾਂਦਿਆਂ ਬੰਡਾਲਾ ਪਿੰਡ ਤੱਕ ਤੇ ਉਸ ਤੋਂ ਬਾਅਦ ਚੱਬਾ ਤੱਕ ਤੇ ਚੱਬਾ ਤੋਂ ਬਹੋੜੂ ਪੁਲ ਉਪਰੰਤ ਸ਼ਾਮ ਸਿੰਘ ਅਟਾਰੀ ਤੋਂ ਕਚਹਿਰੀ ਰੋਡ ਤੋਂ ਉੱਚਾ ਪੁਲ ਦੇ ਉਪਰੋਂ ਗੋਲਡਨ ਗੇਟ ‘ਤੇ ਜਾ ਕੇ ਮਾਰਚ ਸਮਾਪਤ ਕੀਤਾ ਜਾਵੇਗਾ। ਅੰਬਾਨੀ ਅਡਾਨੀ ਦੀ ਕੰਪਨੀਆਂ ਦੀਆਂ ਵਸਤੂਆਂ ਦਾ ਬਾਈਕਾਟ ਜਾਰੀ ਰੱਖੋ।
ਇਸਦੇ ਨਾਲ ਹੀ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ 27ਵੇਂ ਦਿਨ ਪੰਜ ਬੀਬੀਆਂ ਸਮੇਤ ਅੱਠ ਮੈਂਬਰੀ ਜੱਥੇ ਨੇ ਜਾਰੀ ਰੱਖੀ। ਭੁੱਖ ਹੜਤਾਲ ’ਤੇ ਬੈਠੀਆਂ ਬੀਬੀਆਂ ਨੇ ਕਿਹਾ ਉਹ ਖੇਤੀ ਬਾੜੀ ਨਾਲ ਸਬੰਧਤ ਨਹੀਂ ਹਨ, ਉਨ੍ਹਾਂ ਦੀ ਜ਼ਮੀਨ ਨਹੀਂ ਪਰ ਜ਼ਮੀਰ ਜਾਗਦੀ ਹੈ। ਇਸ ਲਈ ਉਹ ਦਿੱਲੀ ’ਚ ਬੈਠੇ ਕਿਸਾਨਾਂ ਦੇ ਸਮਰਥਨ ਵਿੱਚ ਇੱਥੇ ਭੁੱਖ ਹੜਤਾਲ ’ਤੇ ਬੈਠੇ ਹਨ। ਇਸ ਮੌਕੇ ਪਿੰਗਲਵੜਾ ਸੰਸਥਾ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਕਿਹਾ 25 ਜਨਵਰੀ ਨੂੰ ਸੰਸਥਾ ਦੇ ਬੱਚਿਆਂ ਵੱਲੋਂ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਕੀਰਤਨ ਕੀਤਾ ਜਾਵੇਗਾ। ਇਸ ਮੌਕੇ ਬਲਰਾਜ ਸਿੰਘ ਸੇਰੋਂ, ਗੁਰਿੰਦਰਬੀਰ ਸਿੰਘ ਕੱਸੋਆਣਾ, ਗੁਰਜੰਟ ਸਿੰਘ ਲੈਹਰਾ, ਭੁਪਿੰਦਰ ਸਿੰਘ ਹਰਾਜ, ਮੱਖਣ ਸਿੰਘ ਵਾੜਾ, ਮਨਜਿੰਦਰ ਸਿੰਘ ਬੂਲੇ, ਗੁਰਜੀਤ ਸਿੰਘ ਸੇਰਪੁਰ, ਜਸਵੰਤ ਸਿੰਘ ਝਤਰਾ, ਅਮਰਜੀਤ ਸਿੰਘ, ਬਲਕਾਰ ਸਿੰਘ, ਗੁਰਦੀਪ ਸਿੰਘ, ਨਿਰਭੈ ਸਿੰਘ, ਅਮੋਲਕਜੀਤ ਸਿੰਘ, ਬਲਕਾਰ ਦੇਵੀਦਾਸਪੁਰ ਮੌਜੂਦ ਸਨ।