ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 4 ਮਈ
ਅੱਜ ਇਥੇ ਸਵੇਰੇ ਇਥੇ ਜੀਟੀ ਰੋਡ ‘ਤੇ ਸਥਿਤ ਬੱਸ ਅੱਡੇ ਉੱਪਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਜਾਂਚ ਕੀਤੀ ਗਈ। ਬੀਤੇ ਦਿਨੀਂ ਸ਼ਹਿਰ ਵਾਸੀਆਂ ਵੱਲੋਂ ਬੱਸ ਅੱਡੇ ਉੱਪਰ ਸਰਕਾਰੀ ਬੱਸਾਂ ਨਾ ਖੜ੍ਹੀਆਂ ਕਰਨ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਵੱਲੋਂ ਜੰਡਿਆਲਾ ਗੁਰੂ ਦੇ ਅੱਡੇ ਉਤੇ ਬੱਸਾਂ ਨਾ ਰੁਕਣ ਕਾਰਨ ਅੱਡਾ ਇੰਚਾਰਜ ਦੀ ਡਿਊਟੀ ਲਗਵਾਈ ਗਈ ਸੀ। ਅੱਜ ਉਨ੍ਹਾਂ ਵੱਲੋਂ ਬੱਸ ਅੱਡੇ ਦੀ ਅਚਨਚੇਤ ਜਾਂਚ ਕੀਤੀ ਗਈ।ਇਸ ਦੌਰਾਨ ਉਨ੍ਹਾਂ ਵੇਖਿਆ ਵਿਦਿਆਰਥੀ, ਔਰਤਾਂ ਅਤੇ ਮੁਲਾਜ਼ਮ ਅੱਡੇ ਉਤੇ ਬੱੱਸਾਂ ਉਡੀਕ ਰਹੇ ਹਨ ਪਰ 2 ਬੱੱਸਾਂ ਅੱਡੇ ਉਤੇ ਨਾ ਆ ਕੇ ਪੁੱਲ ਦੇ ਉਪਰ ਦੀ ਲੰਘ ਗਈਆਂ, ਜਿਸਦਾ ਕੈਬਨਿਟ ਮੰਤਰੀ ਨੇ ਗੰਭੀਰ ਨੋਟਿਸ ਲਿਆ ਅਤੇ ਤਰੁੰਤ ਅੱਡੇ ਉਤੇ ਤਾਇਨਾਤ ਅੱਡਾ ਇੰਚਾਰਜ ਨੂੰ ਤਲਬ ਕਰਦੇ ਹੋਏ ਜਨਰਲ ਮੈਨੇਜਰ ਨੂੰ ਉਸ ਦੀ ਜਵਾਬ ਤਲਬੀ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਬੱਸ ਅੱਡੇ ਦੇ ਆਲੇ ਦੁਆਲੇ ਦੀ ਸਫਾਈ ਨੂੰ ਲੈ ਕੇ ਸਬੰਧਤ ਸਫਾਈ ਇੰਸਪੈਕਟਰ ਨੂੰ ਹਦਾਇਤ ਕੀਤੀ ਅਤੇ ਕਿਹਾ ਜਨਤਕ ਥਾਵਾਂ ਦੀ ਸਫਾਈ ਨੂੰ ਤਰਜੀਹ ਦਿੱਤੀ ਜਾਵੇ ਅਤੇ ਸਵਾਰੀਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਇਸ ਮੌਕੇ ਸਵਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ ਅਤੇ ਉਹ ਬੱਸ ਅੱਡੇ ਉਤੇ ਲਗਾਤਾਰ ਨਜਰ ਰੱਖਣ ਲਈ ਭਵਿੱਖ ਵਿੱਚ ਵੀ ਜਾਂਚ ਕਰਦੇ ਰਹਿਣਗੇ। ਇਸ ਮੌਕੇ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ 1 ਮਨਿੰਦਰਪਾਲ ਸਿੰਘ ਨੇ ਦੱਸਿਆ ਡਿਊਟੀ ’ਤੇ ਗੈਰ ਹਾਜ਼ਿਰ ਰਹਿਣ ਵਾਲੇ ਮੁਲਾਜ਼ਮ ਦੀ ਜਵਾਬ ਤਲਬੀ ਕੀਤੀ ਗਈ ਹੈ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲਰ ਜੰਡਿਆਲਾ ਤੋਂ ਹਰੀਸ਼ ਸੇਠੀ ਵੀ ਪਹੁੰਚੇ ਸਨ।