ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 17 ਫਰਵਰੀ
ਅੱਜ ਇਥੇ ਦਾਣਾ ਮੰਡੀ ਵਿਖੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਸਤਿੰਦਰਜੀਤ ਸਿੰਘ ਛੱਜਲਵੱਡੀ ਦੇ ਹੱਕ ਵਿੱਚ ਰੈਲੀ ਵਿੱਚ ਕਿਹਾ ਪੰਜਾਬ ਦੇ ਲੋਕ ਬਹੁਤ ਸਮਝਦਾਰ ਹਨ ਤੇ ਉਹ ਕਦੀ ਵੀ ਬਾਹਰੋਂ ਆਏ ਲੋਕਾਂ ਦੇ ਪ੍ਰਚਾਰ ਤੇ ਕੋਝੀਆਂ ਚਾਲਾਂ ਵਿਚ ਨਹੀਂ ਫਸਣਗੇ। ਬੀਬੀ ਬਾਦਲ ਨੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਉੱਪਰ ਆਪਣੇ ਨਿਸ਼ਾਨੇ ਸਾਧਦਿਆਂ ਕਿਹਾ ਫਿਰ ਜਦੋਂ ਉਹ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸਨ ਤਾਂ ਉਨ੍ਹਾਂ ਨੇ ਪੰਜਾਬ ਵਾਸਤੇ ਬਹੁਤ ਸਾਰੇ ਪ੍ਰਾਜੈਕਟ ਲਿਆਂਦੇ ਪਰ ਹਮੇਸ਼ਾ ਹੀ ਕੈਪਟਨ ਅਤੇ ਕਾਂਗਰਸ ਸਰਕਾਰ ਇਨ੍ਹਾਂ ਪ੍ਰਾਜੈਕਟਾਂ ਨੂੰ ਬੰਦ ਕਰਾਉਣ ਵਿਚ ਹੀ ਜੁਟੀ ਰਹੀ। ਉਨ੍ਹਾਂ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਬਾਰੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਹ ਪੰਜਾਬ ਪਹੁੰਚ ਕੇ ਇੱਥੋਂ ਦੇ ਲੋਕਾਂ ਦੀ ਭਲਾਈ ਦੀ ਗੱਲ ਕਰਦਾ ਹੈ ਪਰ ਇਸ ਨੇ ਦਿੱਲੀ ਵਿਚ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਾਉਣ ਲਈ ਤੇ ਪੰਜਾਬ ਦੇ ਪਾਣੀਆਂ ਉੱਤੇ ਦਿੱਲੀ ਦਾ ਹੱਕ ਜਤਾਉਣ ਲਈ ਪਟੀਸ਼ਨਾਂ ਪਾਈਆਂ ਹੋਈਆਂ ਹਨ।