ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 15 ਮਾਰਚ
ਅੱਜ ਸਵੇਰੇ ਇਥੇ ਮਿੰਨੀ ਪੀਐੱਚਸੀ, ਜਿਸ ਨੂੰ ਜ਼ਨਾਨਾ ਹਸਪਤਾਲ ਨਾਲ ਵੀ ਜਾਣਿਆ ਜਾਂਦਾ ਹੈ, ਵਿਚ ਵਧਾਇਕ ਜੰਡਿਆਲਾ ਗੁਰੂ ਐਡਵੋਕੇਟ ਹਰਭਜਨ ਸਿੰਘ ਈਟੀਓ ਨੇ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਆਪ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸਾਬਕਾ ਜ਼ਿਲ੍ਹਾ ਪ੍ਰਧਾਨ ਨਰੇਸ਼ ਪਾਠਕ ਤੇ ਹੋਰ ਆਪ ਵਰਕਰ ਮੌਜੂਦ ਸਨ। ਮਿੰਨੀ ਪੀਐੱਚਸੀ ਪਹੁੰਚਦਿਆਂ ਹੀ ਵਿਧਾਇਕ ਨੇ ਸਭ ਤੋਂ ਪਹਿਲਾਂ ਹਾਜ਼ਰੀ ਰਜਿਸਟਰ ਚੈੱਕ ਕੀਤਾ ਤੇ ਕੁੱਲ 14 ਕਰਮਚਾਰੀਆਂ ਵਿੱਚੋਂ ਇੱਕ ਕਰਮਚਾਰੀ ਗ਼ੈਰਹਾਜ਼ਰ ਸੀ। ਚੈਕਿੰਗ ਬਾਰੇ ਵਿਧਾਇਕ ਐਡਵੋਕੇਟ ਹਰਭਜਨ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਇਸ ਪੀਐੱਚਸੀ ਬਾਰੇ ਕਾਫੀ ਸ਼ਿਕਾਇਤਾਂ ਮਿਲੀਆਂ ਸਨ ਅਤੇ ਜਿਸ ‘ਤੇ ਉਨ੍ਹਾਂ ਨੇ ਇਸ ਦੀ ਅੱਜ ਸਵੇਰੇ ਚੈਕਿੰਗ ਕੀਤੀ। ਉਨ੍ਹਾਂ ਨੇ ਇੱਥੇ ਦਵਾਈਆਂ ਦੇ ਰਿਕਾਰਡ ਦੀ ਜਾਂਚ ਕੀਤੀ ਅਤੇ ਇਸ ਵਿੱਚ ਉਨ੍ਹਾਂ ਨੂੰ ਜ਼ਿਆਦਾਤਰ ਦਵਾਈਆਂ ਮਿਆਦ ਪੁੱਗੀ ਵਾਲੀਆਂ ਮਿਲੀਆਂ ਹਨ। ਉਨ੍ਹਾਂ ਦੱਸਿਆ ਜਾਂਚ ਕਰਨ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਵਿਭਾਗ ਵੱਲੋਂ ਜਾਰੀ ਕੀਤੀ ਕੀਤੀਆਂ ਜਾਂਦੀਆਂ ਇਹ ਦਵਾਈਆਂ ਇਸ ਪੀਐੱਚਸੀ ਵਿੱਚ ਉਦੋਂ ਹੀ ਮਿਲਦੀਆਂ ਹਨ ਜਦੋਂ ਲਗਪਗ ਉਨ੍ਹਾਂ ਦੀ ਮਿਆਦ ਪੁੱਗਣ ਵਾਲੀ ਹੈ ਤੇ ਕੁਝ ਸਮਾਂ ਇੱਥੇ ਦਵਾਈਆਂ ਦਾ ਸਟਾਕ ਪਏ ਰਹਿਣ ਕਾਰਨ ਐਕਸਪਾਇਰ ਹੋ ਜਾਂਦਾ ਹੈ। ਵਿਧਾਇਕ ਨੇ ਦੱਸਿਆ ਕਿ ਇਥੋਂ ਦੇ ਕਰਮਚਾਰੀਆਂ ਨੂੰ ਦੱਸਿਆ ਹੈ ਕਿ ਰਾਤ ਵੇਲੇ ਇੱਥੇ ਅਕਸਰ ਚੋਰੀਆਂ ਹੋ ਜਾਂਦੀਆਂ ਹਨ, ਜਿਸ ‘ਤੇ ਉਨ੍ਹਾਂ ਨੇ ਤੁਰੰਤ ਐੱਸਐੱਚਓ ਜੰਡਿਆਲਾ ਗੁਰੂ ਬਲਕਾਰ ਸਿੰਘ ਨੂੰ ਮੌਕੇ ‘ਤੇ ਸੱਦਿਆ ਤੇ ਇਨ੍ਹਾਂ ਚੋਰੀਆਂ ਨੂੰ ਲੱਭਣ ਵਾਸਤੇ ਸਖ਼ਤ ਹਦਾਇਤ ਕੀਤੀ। ਇੰਚਾਰਜ ਡਾ. ਬਨਪ੍ਰੀਤ ਸਿੰਘ ਨੇ ਦੱਸਿਆ ਪੀਐੱਚਸੀ ਦੀ ਇਮਾਰਤ ਬਹੁਤ ਖਸਤਾ ਹੈ ਅਤੇ ਕਰਮਚਾਰੀਆਂ ਅਤੇ ਆਉਣ ਵਾਲੇ ਮਰੀਜ਼ਾਂ ਵਾਸਤੇ ਪਖਾਨੇ ਤੱਕ ਦੀ ਸਹੂਲਤ ਨਹੀਂ ਹੈ।