ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਮਈ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਇੱਥੇ ਆਈਟੀ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਮਾਹਿਰਾਂ ਨਾਲ ਇਕ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਇੱਥੇ ਆਈਟੀ ਪਾਰਕ ਲਿਆਂਦਾ ਜਾਵੇਗਾ। ਸ੍ਰੀ ਔਜਲਾ ਨਾਲ ਇਸ ਮੀਟਿੰਗ ਵਿਚ ਵੱਖ-ਵੱਖ ਆਈਟੀ ਕੰਪਨੀਆਂ ਦੇ ਨੁਮਾਇੰਦਿਆਂ ਵਜੋਂ ਮਨਦੀਪ ਕੌਰ ਟਾਂਗਰਾ, ਮਨੀਸ਼ ਸਲਵਾਨ, ਆਰਤੀ ਸ਼ਰਮਾ, ਅਰੁਣ ਸ਼ਰਮਾ, ਅਭਿਨਿਵ ਠੁਕਰਾਲ, ਸਰਬਜੀਤ ਸਿੰਘ, ਬਲਦੇਵ ਸਿੰਘ, ਨਮਿਤ ਕਪੂਰ ਅਤੇ ਹੋਰ ਆਈਟੀ ਮਾਹਰ ਸ਼ਾਮਲ ਸਨ। ਉਨ੍ਹਾਂ ਨੇ ਇਸ ਖੇਤਰ ਵਿਚ ਆਈਟੀ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਲਈ ਮਾਹਿਰਾਂ ਅਤੇ ਨੁਮਾਇੰਦਿਆਂ ਦੇ ਵਿਚਾਰ ਸੁਣੇ। ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਔਜਲਾ ਨੇ ਕਿਹਾ ਕਿ ਇਥੇ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਾਰਨ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਪਰ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿਚ ਰਹਿ ਕੇ ਹੀ ਸੂਬੇ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ। ਇਸ ਲਈ ਅੰਮ੍ਰਿਤਸਰ ਵਿਚ ਆਈਟੀ ਪਾਰਕ ਲੈ ਕੇ ਆਉਣਗੇ। ਇਸ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚੋਂ ਵੀ ਆਈਟੀ ਕੰਪਨੀਆਂ ਇਥੇ ਪੰਜਾਬ ਵਿਚ ਨਿਵੇਸ਼ ਕਰਨਗੀਆਂ ਤੇ ਰੁਜ਼ਗਾਰ ਦੇ ਮੌਕੇ ਵਧਣਗੇ।