ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਜੂਨ
ਕੱਚੇ ਤੇ ਮਾਣ ਭੱਤਾ ਮੁਲਾਜ਼ਮ ਮੋਰਚਾ ਦੇ ਦਰਜਨਾਂ ਸਾਥੀਆਂ ਨੇ ਅੱਜ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਸਾਹਮਣੇ ਲਗਾਤਾਰ ਚਲ ਰਹੇ ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕਰਕੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲ ਰਹੇ ਸੰਘਰਸ਼ ਦਾ ਸਮਰਥਨ ਕੀਤਾ। ਇਸ ਮੌਕੇ ਮੁਲਾਜ਼ਮ ਆਗੂਆਂ ਜਰਮਨਜੀਤ ਸਿੰਘ ਛੱਜਲਵੱਡੀ ਸੂਬਾ ਸਕੱਤਰ ਡੀਐੱਮਐੱਫ, ਅਸ਼ਵਨੀ ਅਵਸਥੀ, ਮਮਤਾ ਸ਼ਰਮਾ, ਸਰਬਜੀਤ ਕੌਰ, ਰਛਪਾਲ ਸਿੰਘ ਯੋਧਾ ਨਗਰੀ,ਹਰਿੰਦਰ ਸਿੰਘ ਐਮਾਂ ਨੇ ਕਿਹਾ ਕਿ ਕਿਸਾਨ ਸਮੁੱਚੇ ਸਮਾਜ ਦੀ ਲੜਾਈ ਲੜ ਰਹੇ ਹਨ। ਮੁਲਾਜ਼ਮ ਵਰਗ ਵੀ ਇਸ 1ਲੜਾਈ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਨਾਲ ਖੜ੍ਹਾ ਹੈ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਮੁਲਾਜ਼ਮ ਸਾਥੀਆਂ ਨੂੰ ਜੀ ਆਇਆਂ ਕਿਹਾ ਤੇ ਦਿੱਲੀ ਮੋਰਚੇ ਦੀ ਚੜ੍ਹਦੀ ਕਲਾ ਤੇ ਜੇਤੂ ਹੋਣ ਦੇ ਹਲਾਤ ਦੀ ਚਰਚਾ ਕੀਤੀ।ਇਸ ਮੌਕੇ ਮੁਲਾਜ਼ਮ ਆਗੂਆਂ ਗੁਰਦੀਪ ਕਲੇਰ, ਸੁੱਖਾ ਸਿੰਘ ਲੋਹਗੜ੍ਹ, ਮਨਜੀਤ ਕੌਰ ਢਪੲਈਆਂ, ਹਰਜਿੰਦਰ ਕੌਰ ਗਹਿਰੀ ਮੰਡੀ,ਕਲਵੰਤ ਕੌਰ ਬੰਡਾਲਾ ਨੇ ਵੀ ਸੰਬੋਧਨ ਕੀਤਾ।
ਵਿਜੇ ਸਾਂਪਲਾ ਦੇ ਆਉਣ ਦੀ ਅਫ਼ਵਾਹ ਕਿਸਾਨ ਇਕੱਠੇ ਹੋਏ
ਫਿਲੌਰ (ਪੱਤਰ ਪ੍ਰੇਰਕ): ਇੱਥੇ ਅੱਜ ਮੁਠੱਡਾ ਕਲਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੇ ਆਉਣ ਦੀ ਸੂਚਨਾ ਮਿਲੀ, ਜਿਸ ’ਤੇ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ। ਕਾਫੀ ਸਮਾਂ ਉਡੀਕਣ ਉਪਰੰਤ ਜਦੋਂ ਸਾਂਪਲਾ ਦੇ ਆਉਣ ਦੀ ਕਿਤੋਂ ਵੀ ਸੂਚਨਾ ਨਾ ਮਿਲੀ ਤਾਂ ਕਿਸਾਨ ਘਰਾਂ ਨੂੰ ਵਾਪਸ ਚਲੇ ਗਏ। ਜਦੋਂ ਪਿੰਡ ਵਿੱਚ ਸੂਚਨਾ ਮਿਲੀ ਤਾਂ ਪਿੰਡ ਦੀ ਧੜੇਬੰਦੀ ਤੋਂ ਉਪਰ ਉਠ ਕੇ ਕਿਸਾਨ ਪੁੱਜਣ ਲੱਗ ਪਏ, ਜਿਵੇਂ ਜਿਵੇਂ ਦੂਜੇ ਪਿੰਡਾਂ ਵਿੱਚ ਇਹ ਖ਼ਬਰ ਪੁੱਜੀ ਤਾਂ ਦੂਜੇ ਪਿੰਡਾਂ ਤੋਂ ਵੀ ਫ਼ੋਨ ਖੜਕਣ ਲੱਗ ਪਏ। ਇਸ ਦੌਰਾਨ ਪੁਲੀਸ ਰਾਹੀਂ ਵੀ ਆਮਦ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਤੋਂ ਵੀ ਸਾਂਪਲਾ ਦੇ ਆਉਣ ਦੀ ਸੂਚਨਾ ਨਾ ਮਿਲੀ। ਪਿੰਡ ਵਿੱਚ ਸਮਾਜਕ ਸਮਾਗਮ ਹੋਣ ਕਰਕੇ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ, ਜਿਸ ’ਤੇ ਸਬੰਧਤ ਪਰਿਵਾਰ ਤੋਂ ਵੀ ਇਸ ਦੀ ਤਸੱਲੀ ਕੀਤੀ ਗਈ। ਤਸੱਲੀ ਹੋਣ ’ਤੇ ਹੀ ਕਿਸਾਨ ਘਰਾਂ ਨੂੰ ਵਾਪਸ ਚਲੇ ਗਏ।