ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਜਨਵਰੀ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉੱਡਣ ਦਸਤਿਆਂ ਨੇ ਜ਼ਿਲ੍ਹੇ ਵਿੱਚ ਪ੍ਰਕਾਸ਼ਕਾਂ ਅਤੇ ਪ੍ਰਿੰਟਰਾਂ ਦੀਆਂ ਦੁਕਾਨਾਂ ’ਤੇ ਜਾ ਕੇ ਉਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਸਿਆਸੀ ਪ੍ਰਚਾਰ ਸਮੱਗਰੀ ਛਾਪਣ ਸਬੰਧੀ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਟੀਮਾਂ ਨੇ ਜਲੰਧਰ ਦੇ ਸ਼ਹਿਰੀ ਇਲਾਕਿਆਂ ਤੋਂ ਇਲਾਵਾ ਫਿਲੌਰ, ਸ਼ਾਹਕੋਟ, ਨਕੋਦਰ, ਆਦਮਪੁਰ, ਜਲੰਧਰ ਛਾਉਣੀ ਅਤੇ ਕਰਤਾਰਪੁਰ ਵਿਚ ਪ੍ਰਿੰਟਰਾਂ ਤੇ ਪ੍ਰਕਾਸ਼ਕਾਂ ਕੋਲ ਜਾ ਕੇ ਉਨ੍ਹਾਂ ਨੂੰ ਹੁਕਮਾਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਪੋਸਟਰਾਂ ਅਤੇ ਪੈਂਫਲਿਟਾਂ ਦੀ ਛਪਾਈ ਦਾ ਕਾਰੋਬਾਰ ਚਲਾਉਣ ਵਾਲੇ ਉੱਦਮੀਆਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਪੈਂਫਲਿਟ, ਪੋਸਟਰ ਸਮੇਤ ਚੋਣ ਪ੍ਰਚਾਰ ਸਮੱਗਰੀ ’ਤੇ ਆਪਣਾ ਨਾਂ ਅਤੇ ਪਤਾ ਛਾਪਣਾ ਚਾਹੀਦਾ ਹੈ।
ਅਸਲਾ ਜਮ੍ਹਾਂ ਨਾ ਕਰਵਾਉਣ ਵਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ
ਤਰਨ ਤਾਰਨ (ਪੱਤਰ ਪ੍ਰੇਰਕ): ਐੱਸਪੀ (ਹੈੱਡਕੁਆਰਟਰ) ਜਗਬਿੰਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹੇ ਅੰਦਰ 17821 ਵਿਅਕਤੀਆਂ ਨੇ ਅਸਲਾ ਆਦਿ ਦੇ ਲਾਈਸੈਂਸ ਜਾਰੀ ਕਰਵਾਏ ਹੋਏ ਹਨ ਤੇ ਇਨ੍ਹਾਂ ਲਾਈਸੈਂਸਾਂ ਤਹਿਤ ਅਸਲਾ ਧਾਰਕਾਂ ਨੇ 23,993 ਹਥਿਆਰ ਖਰੀਦੇ ਹੋਏ ਹਨ| ਅਧਿਕਾਰੀ ਨੇ ਦੱਸਿਆ ਕਿ ਅੱਜ ਤੱਕ ਲੋਕਾਂ ਨੇ 22183 ਹਥਿਆਰ ਆਪਣੇ ਸਬੰਧਿਤ ਥਾਣਿਆਂ ਜਾਂ ਫਿਰ ਅਸਲਾ ਵਿਕਰੇਤਾਵਾਂ ਕੋਲ ਜਮ੍ਹਾਂ ਕਰਵਾ ਦਿੱਤੇ ਹਨ| 1810 ਹਥਿਆਰ ਜਮ੍ਹਾਂ ਕਰਵਾਏ ਜਾਣੇ ਬਾਕੀ ਹਨ| ਉਨ੍ਹਾਂ ਅਸਲਾ ਜਮ੍ਹਾਂ ਨਾ ਕਰਵਾਉਣ ਵਾਲਿਆਂ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਚਿਤਾਵਨੀ ਦਿੱਤੀ ਹੈ ਜਿਸ ਤਹਿਤ ਫੌਜਦਾਰੀ ਮਾਮਲੇ ਦਰਜ ਕੀਤੇ ਜਾਣੇ ਵੀ ਸ਼ਾਮਲ ਹਨ