ਪੱਤਰ ਪ੍ਰੇਰਕ
ਅੰਮ੍ਰਿਤਸਰ, 7 ਦਸੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੱਜ ਅੰਤਰ ਜ਼ੋਨਲ ਯੁਵਕ ਮੇਲਾ ਸ਼ੁਰੂ ਹੋਇਆ। ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਮੇਲੇ ਦਾ ਉਦਘਾਟਨ ਕੀਤਾ। ਗਿੱਧੇ ਦੀ ਤਾਲ ਨਾਲ 10 ਦਸੰਬਰ ਨੂੰ ਸੰਪੰਨ ਹੋਣ ਵਾਲੇ ਮੇਲੇ ਵਿੱਚ ਨਾਚ, ਸੰਗੀਤ, ਮੰਚ ਕਲਾ, ਕੋਮਲ ਕਲਾਵਾਂ ਅਤੇ ਸਾਹਿਤਕ ਖੇਤਰ ਨਾਲ ਸਬੰਧਤ ਮੁਕਾਬਲਿਆਂ ਵਿੱਚ 80 ਕਾਲਜਾਂ ਦੇ ਜੇਤੂ ਵਿਦਿਆਰਥੀ ਭਾਗ ਲੈ ਰਹੇ ਹਨ। ਇਹ ਯੁਵਕ ਮੇਲੇ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਵਿਭਾਗ ਦੇ ਇੰਚਾਰਜ ਪ੍ਰੋ. ਅਨੀਸ਼ ਦੂਆ ਅਤੇ ਸਲਾਹਕਾਰ ਬਲਜੀਤ ਸਿੰਘ ਸੇਖੋਂ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ ਹੇਠ ਹੋ ਰਹੇ ਹਨ। ਫੈਸਟੀਵਲ ਦੇ ਕਨਵੀਨਰ ਡਾ. ਤੇਜਵੰਤ ਸਿੰਘ ਕੰਗ ਅਤੇ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੇ ਸਹਾਇਕ ਅਧਿਆਪਕ ਤੇ ਵਾਲੰਟੀਅਰ ਹਰ ਸੰਭਵ ਉਪਰਾਲਾ ਕਰ ਰਹੇ ਹਨ ਕਿ ਇਸ ਮੇਲੇ ਨੂੰ ਸੁਚੱਜੇ ਰੂਪ ਵਿੱਚ ਕੋਵਿਡ ਨਿਯਮਾਂ ਨੂੰ ਧਿਆਨ ’ਚ ਰੱਖਦੇ ਹੋਏ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਿਆ ਜਾਵੇ। ਅੱਜ ਭੰਗੜੇ ਤੋਂ ਇਲਾਵਾ ਦਸਮੇਸ਼ ਆਡੀਟੋਰੀਅਮ ਵਿੱਚ ਵਾਰ ਗਾਇਨ, ਕਵਿਸ਼ਰੀ, ਲੋਕ ਸਾਜ ਦੇ ਮੁਕਾਬਲੇ, ਗੁਰੂ ਨਾਨਕ ਭਵਨ ਆਡੀਟੋਰੀਅਮ ਵਿੱਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ ਭਾਰਤੀ ਅਤੇ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿੱਚ ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ), ਕਲਾਸੀਕਲ ਇੰਸਟਰੂਮੈਂਟਲ (ਨਾਨ-ਪਰਕਸ਼ਨ) ਅਤੇ ਕਲਾਸੀਕਲ ਵੋਕਲ ਦੇ ਮੁਕਾਬਲੇ ਹੋਏ।