ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 26 ਜੁਲਾਈ
ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਨਗਰ ਨਿਗਮ ਦੇ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਸਾਂਝੇ ਤੌਰ ’ਤੇ ਨਗਰ ਨਿਗਮ ਦੇ ਵਿਭਾਗ ਮੁਖੀਆਂ ਅਤੇ ਉਪ ਮੁਖੀਆਂ ਨਾਲ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਕੰਪਨੀ ਬਾਗ ਵਿੱਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼ਹਿਰਵਾਸੀਆਂ ਨੂੰ ਦਿੱਤੀਆਂ ਜਾ ਰਹੀ ਮੁੱਢਲੀਆਂ ਸੇਵਾਵਾਂ ਸਬੰਧੀ ਉਲੀਕੇ ਜਾ ਰਹੇ ਵਿਕਾਸ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਨਿਗਮ ਦੇ ਓ.ਐਂਡ ਐਮ, ਸਿਵਲ, ਸਿਹਤ, ਵਾਟਰ ਸਪਲਾਈ ਤੇ ਸੀਵਰੇਜ, ਐਮ.ਟੀ.ਪੀ, ਪ੍ਰਾਪਰਟੀ ਟੈਕਸ, ਅਸਟੇਟ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਮਿਉਂਸਪਲ ਸੋਲਿਡ ਵੇਸਟ ਅਤੇ ਵਿਗਿਆਪਨ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਪੀਣ ਵਾਲੇ ਗੰਧਲੇ ਪਾਣੀ ਦੀਆਂ ਦਿਨ ਪ੍ਰਤੀ ਦਿਨ ਵਧ ਰਹੀਆਂ ਸ਼ਿਕਾਇਤਾਂ ਦੇ ਨਬਿੇੜੇ ਸਬੰਧੀ ਓ ਐਂਡ ਐਮ ਵਿਭਾਗ ਦੇ ਐੱਸ.ਈ ਅਨੁਰਾਗ ਮਹਾਜਨ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਕ ਤਾਂ ਵਿਭਾਗ ਕੋਲ ਸਟਾਫ ਦੀ ਕਮੀ ਹੈ, ਦੂਜਾ ਵੱਖ-ਵੱਖ ਕੰਪਨੀਆਂ ਵੱਲੋਂ ਆਪਣੇ ਪ੍ਰਾਜੈਕਟਾਂ ਅਧੀਨ ਸੜਕਾਂ ਪੁੱਟਣ ਨਾਲ ਇਹ ਮਿਕਸਿੰਗ ਦੀ ਸਮੱਸਿਆ ਆ ਰਹੀ ਹੈ। ਸੱਕਰ ਮਸ਼ੀਨਾਂ ਅਤੇ ਜੈਟਿੰਗ ਮਸ਼ੀਨਾਂ ਨਾਲ ਹਰ ਇਲਾਕੇ ਵਿੱਚ ਰੋਸਟਰਵਾਈਜ਼ ਸੀਵਰੇਜ ਲਾਈਨਾਂ ਦੀ ਸਫਾਈ ਕੀਤੀ ਜਾ ਰਹੀ ਹੈ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਮੇਅਰ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੇ ਪ੍ਰਾਜੈਕਟਾਂ ਨਾਲ ਸ਼ਹਿਰ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਉਨ੍ਹਾਂ ਇਨ੍ਹਾਂ ਕੰਪਨੀਆਂ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ। ਉਨ੍ਹਾਂ ਐਮ.ਟੀ.ਪੀ ਵਿਭਾਗ ਨੂੰ ਹਦਾਇਤਾਂ ਕੀਤੀਆਂ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਉਸਾਰੀ ਨਾ ਹੋਣ ਦਿੱਤੀ ਜਾਵੇ।
ਹੈਰੀਟੇਜ ਸਟਰੀਟ ਵਿੱਚ ਹੋਏ ਆਰਜ਼ੀ ਕਬਜ਼ਿਆਂ ਸਬੰਧੀ ਕਮਿਸ਼ਨਰ ਨੇ ਅਸਟੇਟ ਅਫ਼ਸਰ ਨੂੰ ਪੁਲੀਸ ਤੇ ਐਸ.ਜੀ.ਪੀ.ਸੀ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਪੱਕੇ ਤੌਰ ’ਤੇ ਹਟਾਉਣ ਲਈ ਹੁਕਮ ਕੀਤੇ।