ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 21 ਅਗਸਤ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਸ਼ੁੱਕਰਵਾਰ ਸ਼ਾਮ ਨੂੰ ਪੀਸੀ-ਪੀਐਨਡੀਟੀ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ। ਸਿਵਲ ਸਰਜਨ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨੇ ਦੱਸਿਆ ਕਿ ਕਮੇਟੀ ਵਿੱਚ 23 ਕੇਸ ਵਿਚਾਰੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਕੇਸ ਅਲਟ੍ਰਾਸਾਊਂਡ ਸੈਂਟਰਾਂ ਦੀ ਰਜਿਸਟ੍ਰੇਸ਼ਨ ਨਵਿਆਉਣ ਅਤੇ ਨਵੇਂ ਰਜਿਸਟਰ ਕਰਨ ਸਬੰਧੀ ਸਨ। ਕੁਝ ਮੈਂਬਰਾਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਅਲਟ੍ਰਾਸਾਊਂਡ ਕੇਂਦਰਾਂ ਵੱਲੋਂ ਆਪਣੇ ਰੇਟ ਡਿਸਪਲੇ ਨਹੀਂ ਕੀਤੇ ਜਾਂਦੇ। ਸਿਵਲ ਸਰਜਨ ਨੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਚੱਲ ਰਹੇ 185 ਅਲਟ੍ਰਾਸਾਊਂਡ ਕੇਂਦਰਾਂ ਨੂੰ ਕੇਂਦਰਾਂ ਦੇ ਬਾਹਰ ਆਪਣੇ ਰੇਟ ਡਿਸਪਲੇ ਕਰਨ ਦੀ ਹਦਾਇਤ ਕੀਤੀ ਜਾਵੇ।ਸਿਵਲ ਸਰਜਨ ਨੇ ਦੱਸਿਆ ਕਿ ਅਲਟ੍ਰਾਸਾਊਂਡ ਕੇਂਦਰ ਨੇ ਆਪਣੀ ਰਜਿਸਟ੍ਰੇਸ਼ਨ ਖ਼ਤਮ ਹੋਣ ਤੋਂ ਪਹਿਲਾਂ 30 ਦਿਨ ਪਹਿਲਾਂ ਰਜਿਸਟ੍ਰੇਸ਼ਨ ਰੀਨਿਊ ਕਰਨ ਲਈ ਅਪਲਾਈ ਕਰਨਾ ਹੁੰਦਾ ਹੈ। ਪਰ ਕੁੱਝ ਕੇਂਦਰਾਂ ਬਹੁਤ ਘੱਟ ਸਮਾਂ ਰਹਿਣ ’ਤੇ ਅਪਲਾਈ ਕਰਦੇ ਹਨ, ਜੋ ਕਿ ਹਦਾਇਤਾਂ ਅਨੁਸਾਰ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਲਟ੍ਰਾਸਾਊਂਡ ਕੇਂਦਰਾਂ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਲਈ ਸਮੇਂ ਸਿਰ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਜਾਣਗੇ, ਉਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਨੇ ਅਲਟ੍ਰਾਸਾਊਂਡ ਕੇਂਦਰ ਮਨਜ਼ੂਰਸ਼ੁਦਾ ਸਮੇਂ ਤੇ ਛੁੱਟੀਆਂ ਵਾਲੇ ਦਿਨ ਵੀ ਖੋਲ੍ਹਣ ਦੀ ਹਦਾਇਤ ਕੀਤੀ।