ਪੱਤਰ ਪ੍ਰੋਰਕ
ਅੰਮ੍ਰਿਤਸਰ, 27 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ’ਚ ਗੁਰਦਾਸਪੁਰ, ਪਠਾਨਕੋਟ ਤੇ ਤਰਨ ਤਾਰਨ ਦੇ ਕਾਲਜਾਂ ਦੇ ਚੱਲ ਰਹੇ ‘ਬੀ’ ਜ਼ੋਨ ਦੇ ਜ਼ੋਨਲ ਯੁਵਕ ਮੇਲੇ ਦੇ ਦੂਜੇ ਦਿਨ ਇਕਾਂਗੀਆਂ, ਸਕਿੱਟਾਂ ਤੇ ਮਿਮਿਕਰੀ ਦੇ ਪ੍ਰੋਗਰਾਮ ਹੋਏ। ਸਕਿੱਟਾਂ ਰਾਹੀਂ ਜਿਥੇ ਵੱਖ-ਵੱਖ ਪਾਤਰਾਂ ਦਾ ਰੁਪਾਂਤਰਣ ਕਰਕੇ ਸਮਾਜਿਕ ਕੁਰੀਤੀਆਂ ’ਤੇ ਵਿਅੰਗ ਕੱਸੇ ਗਏ, ਉਥੇ ਮਿਮਿਕਰੀ ਰਾਹੀਂ ਵੱਖ-ਵੱਖ ਅਵਾਜ਼ਾਂ ਕੱਢ ਕੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਜੌਹਰ ਵਿਖਾਇਆ। ਇਕਾਂਗੀਆਂ ਦੇ ਇਸ ਵਾਰ ਦੇ ਵਿਸ਼ਿਆਂ ਨੇ ਦਸਮੇਸ਼ ਆਡੀਟੋਰੀਅਮ ’ਚ ਬੈਠੇ ਦਰਸ਼ਕਾਂ ਅੱਗੇ ਕਈ ਸੁਆਲ ਖੜ੍ਹੇ ਕੀਤੇ। ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ- ਨਾਲ ਅਜਿਹੀਆਂ ਗਤੀਵਿਧੀਆਂ ’ਚ ਵੱਧ ਤੋਂ ਵੱਧ ਅੱਗੇ ਆਉਣ ਦਾ ਸੱਦਾ ਦਿੱਤਾ।
ਅੱਜ ਦਸਮੇਸ਼ ਆਡੀਟੋਰੀਅਮ ਵਿੱਚ ਕਾਸਟਿਊਮ ਪਰੇਡ, ਮਾਈਮ, ਮਿਮਿਕਰੀ, ਸਕਿਟ, ਵਨ ਐਕਟ ਪਲੇਅ ਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਵਾਰ ਗਾਇਨ, ਕਵਿਸ਼ਰੀ, ਗੀਤ/ਗਜ਼ਲ, ਲੋਕ ਗੀਤ, ਲੋਕ ਸਾਜ਼ ਦੇ ਮੁਕਾਬਲੇ ਹੋਏ। ਆਰਕੀਟੈਕਚਰ ਵਿਭਾਗ ਦੀ ਸਟੇਜ ’ਤੇ ਰੰਗੋਲੀ, ਫੁਲਕਾਰੀ, ਮਹਿੰਦੀ ਤੇ ਕਾਨਫਰੰਸ ਹਾਲ ਵਿੱਚ ਪੋਇਟੀਕਲ ਸਿੰਪੋਜ਼ੀਅਮ, ਐਲੋਕਿਊਸ਼ਨ, ਡੀਬੇਟ ਦੇ ਮੁਕਾਬਲੇ ਕੀਤੇ ਗਏ। 28 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ’ਚ ਜਨਰਲ ਗਰੁੱਪ ਡਾਂਸ, ਗਿੱਧਾ ਤੇ ਗੁਰੂ ਨਾਨਕ ਭਵਨ ’ਚ ਵੈਸਟਰਨ ਵੋਕਲ (ਸੋਲੋ), ਵੈਸਟਰਨ ਗਰੁੱਪ ਸਾਂਗ, ਵੈਸਟਰਨ ਇੰਸਟਰੂਮੈਂਟਲ ਸੋਲੋ ਦੇ ਮੁਕਾਬਲੇ ਹੋਣਗੇ। ਮੁਕਾਬਲਿਆਂ ਤੋਂ ਬਾਅਦ ਦਸਮੇਸ਼ ਆਡੀਟੋਰੀਅਮ ’ਚ ਇਨਾਮ ਵੰਡ ਸਮਾਗਮ ਹੋਵੇਗਾ।
ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਦੱਸਿਆ ਕਿ 1 ਨਵੰਬਰ ਤੋਂ ਸ਼ੁਰੂ ਹੋਣ ਵਾਲਾ ‘ਏ’ ਜ਼ੋਨ (ਅੰਮ੍ਰਿਤਸਰ ਦੇ ਕਾਲਜਾਂ) ਦਾ ਯੁਵਕ ਮੇਲਾ ਹੁਣ ਇਕ ਦਿਨ ਪਹਿਲਾਂ 31 ਅਕਤੂਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਜੋ 2 ਨਵੰਬਰ ਨੂੰ ਸੰਪੰਨ ਹੋਵੇਗਾ।