ਪੱਤਰ ਪ੍ਰੇਰਕ
ਅੰਮ੍ਰਿਤਸਰ, 22 ਅਕਤੂਬਰ
ਭਾਈ ਸਾਹਿਬ ਡਾ. ਵੀਰ ਸਿੰਘ ਦੀ 150ਵੀਂ ਜਨਮ ਸ਼ਤਾਬਤੀ ਸਬੰਧੀ ਉਲੀਕੇ ਅਕਾਦਮਿਕ ਪ੍ਰੋਗਰਾਮਾਂ ਦੀ ਲੜੀ ਤਹਿਤ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿੱਚ ਕਹਾਣੀ ਦਰਬਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਅੰਮ੍ਰਿਤਸਰ ਸ਼ਹਿਰ ਦੇ ਤਿੰਨ ਕਹਾਣੀਕਾਰਾਂ ਸ੍ਰੀ ਦੀਪ ਦਵਿੰਦਰ ਸਿੰਘ, ਸ੍ਰੀਮਤੀ ਜਸਪਾਲ ਕੌਰ ਅਤੇ ਸ੍ਰੀਮਤੀ ਵਿਪਨ ਗਿੱਲ ਨੇ ਆਪਣੀਆਂ ਕਹਾਣੀਆਂ ਪੇਸ਼ ਕੀਤੀਆਂ। ਦੀਪ ਦੇਵਿੰਦਰ ਸਿੰਘ ਦੀ ਕਹਾਣੀ ‘ਗੰਢਾਂ’ ’ਤੇ ਚਰਚਾ ਆਰੰਭ ਕਰਦਿਆਂ ਡਾ. ਹੀਰਾ ਸਿੰਘ ਅਤੇ ਡਾ. ਮੇਘਾ ਸਲਵਾਨ ਨੇ ਕਿਹਾ ਕਿ ‘ਗੰਢਾਂ’ ਹਾਸ਼ੀਆ ਗ੍ਰਸਤ ਲੋਕਾਂ ਦੀ ਕਹਾਣੀ ਹੈ। ਜਿਹੜੀ ਸਮਾਜਿਕ ਊਚ-ਨੀਚ ਦੀ ਜਿਲਣ ਵਿਚ ਫਸੇ ਮਨੁੱਖ ਦੀ ਤਰਾਸਦੀ ’ਤੇ ਗਹਿਰੀ ਚੋਟ ਕਰਦੀ ਹੈ। ਪਰਦੀਪ ਕੌਰ ਅਤੇ ਡਾ. ਪਵਨ ਅਤੇ ਡਾ. ਰੁਪਿੰਦਰ ਕੌਰ ਨੇ ਵਿਪਨ ਗਿੱਲ ਅਤੇ ਜਸਪਾਲ ਕੌਰ ਦੀ ਕਹਾਣੀ ਉਪਰ ਗੱਲ ਕਰਦਿਆਂ ਕਿਹਾ ਕਿ ਦੋਵੇਂ ਕਹਾਣੀਆਂ ਨਾਰੀਵਾਦੀ ਹੋਣ ਦੇ ਨਾਲ-ਨਾਲ ਘਰ ਪਰਿਵਾਰ ਤੇ ਸਮਾਜ ਅੰਦਰਲੀ ਔਰਤ ਦੀਆਂ ਮਾਨਸਿਕ ਗੁੰਝਲਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਡਾ. ਅਰਵਿੰਦਰ ਕੌਰ ਧਾਲੀਵਾਲ ਅਤੇ ਅਰਤਿੰਦਰ ਸੰਧੂ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਕਹਾਣੀ ਦਰਬਾਰ ਦੀ ਪ੍ਰਧਾਨਗੀ ਕਰ ਰਹੇ ਡਾ. ਸ਼ਿਆਮ ਸੁੰਦਰ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਸਾਹਿਤਕ ਊਰਜਾ ਬਖਸ਼ਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਕਹਾਣੀ ਦਰਬਾਰ ਨੇ ਬਹੁਤ ਚਿਰ ਪਹਿਲਾਂ ਰਾਤ-ਰਾਤ ਭਰ ਹੁੰਦੇ ਕਹਾਣੀ ਦਰਬਾਰਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਤੇ ਆਸ ਕਰਦੇ ਹਾਂ ਕਿ ਭਵਿੱਖ ਵਿਚ ਅਜਿਹੇ ਕਹਾਣੀ ਦਰਬਾਰ ਹੁੰਦੇ ਰਹਿਣਗੇ।
ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਆਨਰੇਰੀ ਡਾਇਰੈਕਟਰ ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਅਜਿਹੇ ਸਾਹਿਤਕ ਤੇ ਅਕਾਦਮਿਕ ਪ੍ਰੋਗਰਾਮ ਕਰਵਾਉਣ ਦਾ ਉਨ੍ਹਾਂ ਦਾ ਮਕਸਦ ਇਕ ਪਾਸੇ ਡਾ. ਭਾਈ ਵੀਰ ਸਿੰਘ ਦੀ ਵਿਰਾਸਤ ਦੀ ਨੌਜਵਾਨ ਪੀੜ੍ਹੀ ਨਾਲ ਸਾਂਝ ਪਵਾਉਣਾ ਹੈ ਅਤੇ ਦੂਸਰੇ ਪਾਸੇ ਅੰਮ੍ਰਿਤਸਰ ਨਾਲ ਜੁੜੇ ਲੇਖਕਾਂ, ਕਵੀਆਂ, ਚਿਤਰਕਾਰਾਂ, ਕਲਾਕਾਰਾਂ ਦੀ ਕਲਾਤਮਕਤਾ ਨਾਲ ਸ਼ਹਿਰ ਵਾਸੀਆਂ ਨੂੰ ਜੋੜਨਾ ਹੈ। ਪ੍ਰੋਗਰਾਮਾਂ ਦੀ ਇਹ ਲੜੀ ਪਿਛਲੇ ਲਗਭਗ ਇਕ ਸਾਲ ਤੋਂ ਚਲੀ ਆ ਰਹੀ ਹੈ ਅਤੇ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਸਮਾਗਮ ਵਿਚ ਉਪਰੋਕਤ ਕਹਾਣੀਕਾਰਾਂ ਅਤੇ ਵਿਦਵਾਨਾਂ ਤੋਂ ਇਲਾਵਾ ਜਸਵੰਤ ਧਾਪ, ਡਾ. ਮੋਹਨ, ਹਰਪ੍ਰੀਤ ਕੌਰ, ਅਜੀਤ ਨਬੀਪੁਰੀ, ਮਨਮੋਹਨ ਬਾਸਰਕੇ, ਰਾਜਖੁਸ਼ਵੰਤ ਸਿੰਘ ਸੰਧੂ, ਹਰਪਾਲ ਸੰਧਾਵਾਲੀਆ, ਜੋਬਨਰੂਪ ਛੀਨਾ, ਤੇਜਿੰਦਰ ਬਾਵਾ ਨੇ ਸ਼ਿਰਕਤ ਕੀਤੀ।