ਪੱਤਰ ਪ੍ਰੇਰਕ
ਅੰਮ੍ਰਿਤਸਰ, 18 ਅਪਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਪ੍ਰਸਿੱਧ ਪਰਵਾਸੀ ਪੰਜਾਬੀ ਕਵਿਤਰੀ ਤੇ ਕਹਾਣੀਕਾਰ ਸੁਰਜੀਤ ਕੌਰ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਸੁਰਜੀਤ ਕੌਰ ਪੰਜਾਬੀ ਅਧਿਐਨ ਸਕੂਲ ਦੇ ਹੀ ਵਿਦਿਆਰਥੀ ਰਹਿ ਚੁੱਕੇ ਹਨ। ਉਹ ਪੰਜਾਬੀ ਸਾਹਿਤ ਜਗਤ ਵਿੱਚ ਨਿਰੰਤਰ ਸਾਹਿਤ ਸਿਰਜਣਾ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਦੀਆਂ ਪੰਜ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪਣੀ ਇਸ ਮੁਲਾਕਾਤ ਦੌਰਾਨ ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਪਰਵਾਸ ਦੇ ਅਨੁਭਵ ਅਤੇ ਉਥੋਂ ਦੇ ਸਭਿਆਚਾਰ ਆਦਿ ਨਾਲ ਸਬੰਧਤ ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਸੁਰਜੀਤ ਕੌਰ ਕੋਲ ਇੱਕ ਤੋਂ ਵਧੇਰੇ ਧਰਤੀਆਂ ਦਾ ਪਰਵਾਸੀ ਅਨੁਭਵ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਸਿਰਜਣਾ ਰਾਹੀਂ ਸਾਕਾਰ ਕੀਤਾ ਹੈ। ਸਮਾਗਮ ਦਾ ਸੰਚਾਲਨ ਡਾ. ਬਲਜੀਤ ਕੌਰ ਰਿਆੜ ਨੇ ਕੀਤਾ। ਇਸ ਸਮਾਗਮ ਮੌਕੇ ਏਕਮ ਸਾਹਿਤਕ ਮੈਗਜ਼ੀਨ ਦੇ ਸੰਪਾਦਕ ਤੇ ਕਵਿਤਰੀ ਅਰਤਿੰਦਰ ਸੰਧੂ ਤੇ ਉਨ੍ਹਾਂ ਦੇ ਹਮਸਫਰ ਰਾਜ ਖੁਸ਼ਵੰਤ ਸਿੰਘ ਸੰਧੂ ਵੀ ਹਾਜ਼ਰ ਸਨ।