ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 5 ਨਵੰਬਰ
ਜਮ੍ਹਾਂਖੋਰਾਂ ਵੱਲੋ ਪਿੰਡ ਝੀਤੇ ਕਲਾਂ ਵਿੱਚ ਯੂਰੀਆ ਖਾਦ ਬਲੈਕ ਵਿੱਚ ਵੇਚਣ ਲਈ, ਇਕ ਟਰਾਲਾ ਯੂਰੀਆ ਖਾਦ ਦਾ ਨਾਜਾਇਜ਼ ਭੰਡਾਰ ਕੀਤਾ ਜਾ ਰਿਹਾ ਸੀ, ਜਿਸ ਨੂੰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਜਰਮਨਜੀਤ ਬੰਡਾਲਾ ਨੇ ਸਾਥੀਆਂ ਸਮੇਤ ਮੌਕੇ ਤੋਂ ਕਾਬੂ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਪਿੰਡ ਝੀਤੇ ਕਲਾਂ ਦੀ ਇਕ ਫੈਕਟਰੀ ਵਿਚ ਜਮ੍ਹਾਂਖੋਰਾਂ ਵੱਲੋਂ ਯੂਰੀਆ ਖਾਦ ਦੀਆਂ 800 ਬੋਰੀਆਂ ਨਾਜਾਇਜ਼ ਭੰਡਾਰ ਕਰਦਾ ਇੱਕ ਟਰਾਲਾ ਮੌਕੇ ਤੋਂ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਫੈਕਟਰੀ ਵਿਚ ਪਹਿਲਾਂ ਵੀ ਪੰਦਰਾਂ ਸੌ ਦੇ ਕਰੀਬ ਯੂਰੀਆ ਖਾਦ ਦੀਆਂ ਬੋਰੀਆਂ ਨਾਜਾਇਜ਼ ਭੰਡਾਰ ਕੀਤੀਆਂ ਗਈਆਂ ਹਨ। ਪਿੰਡ ਦੇ ਕੁਝ ਲੋਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਫੈਕਟਰੀ ਵਿੱਚ ਵੱਡੇ ਪੱਧਰ ’ਤੇ ਯੂਰੀਆ ਖਾਦ ਦੀ ਵਰਤੋਂ ਨਾਲ ਦੁੱਧ ਦਾ ਉਤਪਾਦਨ ਹੁੰਦਾ ਹੈ ਜਿਸ ਨਾਲ ਨਕਲੀ ਪਨੀਰ, ਖੋਇਆ, ਮਠਿਆਈਆਂ ਅਤੇ ਦਹੀਂ ਤਿਆਰ ਹੁੰਦਾ ਹੈ। ਥਾਣਾ ਚਾਟੀਵਿੰਡ ਦੇ ਐਸਐਚਓ ਨੇ ਦੱਸਿਆ ਕਿ ਹਰਸ਼ਿਤਾ ਇੰਟਰਪ੍ਰਾਈਜ਼ਿਜ਼ ਖਿਲਾਫ਼ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂ ਉਨ੍ਹਾਂ ਨੂੰ ਇਸ ਫੈਕਟਰੀ ਵਿੱਚ ਯੂਰੀਆ ਤੋਂ ਨਕਲੀ ਦੁੱਧ ਬਣਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਫੈਕਟਰੀ ਦੇ ਮਾਲਕ ਰਾਜੀਵ ਕੁਮਾਰ ਨੂੰ ਵਾਰ-ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਮੌਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪਿੰਡ ਚੱਬਾ ਤੋਂ ਪ੍ਰਧਾਨ ਨਿਸ਼ਾਨ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਬੂਟਾ, ਬਿੱਲਾ, ਸੁੱਖਾ, ਗੁਰਬਚਨ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ।