ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 2 ਸਤੰਬਰ
ਇੱਥੋਂ ਦੀ ਨਗਰ ਨਿਗਮ ਦੀ ਭੂਮੀ ਵਿਭਾਗ ਟੀਮ ਨੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਦੇ ਸਹਿਯੋਗ ਨਾਲ ਸਥਾਨਕ ਨਾਈਆਂ ਵਾਲਾ ਮੋੜ ਨੇੜੇ ਡਾ. ਪਸਰੀਚਾ ਅਤੇ ਨਾਰੰਗ ਹਸਪਤਾਲ ਸਾਹਮਣੇ ਬਣੇ ਦੋ ਖੋਖਿਆਂ ਅਤੇ ਕਬੀਰ ਪਾਰਕ ਵਿੱਚ ਵਾਸ਼ਿੰਗ ਸੈਂਟਰ ਦੇ ਬਣੇ ਨਾਜਾਇਜ਼ ਰੈਂਪਾਂ ਨੂੰ ਡਿੱਚ ਮਸ਼ੀਨ ਦੀ ਮਦਦ ਨਾਲ ਢਾਹ ਦਿੱਤਾ।
ਇਸੇ ਦੌਰਾਨ ਭੂਮੀ ਵਿਭਾਗ ਦੀ ਟੀਮ ਨੇ ਚਿਤਰਾ ਟਾਕੀਜ਼, ਹਾਲ ਗੇਟ, ਹੈਰੀਟੇਜ ਸਟਰੀਟ, ਸੁਲਤਾਨਵਿੰਡ ਗੇਟ ਤੋਂ ਚਾਟੀਵਿੰਡ ਗੇਟ ਤੱਕ ਦੁਕਾਨਦਾਰਾਂ ਤੇ ਫੜ੍ਹੀਆਂ ਵਾਲਿਆਂ ਵੱਲੋਂ ਸੜਕ ਅਤੇ ਬਰਾਂਡਿਆਂ ਵਿੱਚ ਸਾਮਾਨ ਰੱਖ ਕੇ ਕੀਤੇ ਗਏ ਆਰਜ਼ੀ ਨਾਜਾਇਜ਼ ਕਬਜ਼ੇ ਹਟਾ ਕੇ ਉਨਾਂ ਦਾ ਸਾਮਾਨ ਜ਼ਬਤ ਕਰ ਕੇ ਨਗਰ ਨਿਗਮ ਦੇ ਸਟੋਰ ਵਿੱਚ ਜਮ੍ਹਾਂ ਕਰਵਾ ਦਿੱਤਾ। ਇਸ ਕਾਰਵਾਈ ਮੌਕੇ ਇੰਸਪੈਕਟਰ ਰਾਜ ਕੁਮਾਰ, ਅਰੁਣ ਸਹਿਜਪਾਲ, ਮਨੋਜ ਕੁਮਾਰ, ਵਿਭਾਗੀ ਅਮਲਾ ਅਤੇ ਨਗਰ ਨਿਗਮ ਦੀ ਪੁਲੀਸ ਫੋਰਸ ਮੌਜੂਦ ਸੀ।