ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਮਈ
ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਨਤਕ ਥਾਵਾਂ ਤੇ ਸੜਕਾਂ ਤੋਂ ਵਿਕਾਸ ਦੇ ਨਾਂ ’ਤੇ ਦਰੱਖ਼ਤ ਪੁੱਟੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਜਿਹੇ ਦਰੱਖ਼ਤ ਜੋ ਇੱਕ ਸਥਾਨ ਤੋਂ ਦੂਜੇ ਸਥਾਨ ’ਤੇ ਸੌਖਾਲੇ ਢੰਗ ਨਾਲ ਤਬਦੀਲ ਕੀਤੇ ਜਾ ਸਕਦੇ ਹਨ, ਨੂੰ ਪੁੱਟਿਆ ਨਾ ਜਾਵੇ।
ਅੱਜ ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਮੀਟਿੰਗ ਵਿਚ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਸੜਕਾਂ ਅਤੇ ਜਨਤਕ ਥਾਵਾਂ ਤੋਂ ਵਿਕਾਸ ਦੇ ਨਾਂ ’ਤੇ ਰੁੱਖਾਂ ਨੂੰ ਪੁੱਟਿਆ ਜਾ ਰਿਹਾ ਹੈ। ਅਜਿਹਾ ਕਰਨ ਨਾਲ ਸ਼ਹਿਰ ਵਿਚੋਂ ਹਰਿਆਵਲ ਅਤੇ ਆਕਸੀਜਨ ਦੇਣ ਵਾਲੇ ਸੋਮਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਥੇ ਦੱਸਣਯੋਗ ਹੈ ਕਿ ਹਾਲ ਹੀ ਵਿਚ ਮਜੀਠਾ ਰੋਡ ਇਲਾਕੇ ਵਿਚੋਂ ਸੜਕ ਦੇ ਵਿਚਾਲੇ ਬਣੇ ਡਿਵਾਈਡਰ ਵਿੱਚ ਲਾਏ ਪਾਮ ਦੇ ਮਹਿੰਗੇ ਦਰਖ਼ਤ ਪੁੱਟ ਦਿੱਤੇ ਗਏ ਹਨ। ਅਜਿਹੇ ਦਰੱਖ਼ਤ ਸ਼ਹਿਰ ਵਿੱਚ ਸੁੰਦਰਤਾ ਲਈ ਕੁਝ ਸਮਾਂ ਪਹਿਲਾਂ ਹੀ ਲਾਏ ਗਏ ਸਨ ਜਿਨ੍ਹਾਂ ਨੂੰ ਖਰੀਦਣ ਲਈ ਵੱਡੀ ਰਕਮ ਖਰਚ ਕੀਤੀ ਗਈ ਸੀ ਅਤੇ ਹੁਣ ਸਾਂਭ ਸੰਭਾਲ ਦੀ ਕਮੀ ਕਾਰਨ ਖਰਾਬ ਹੋਏ ਅਜਿਹੇ ਦਰਖ਼ਤ ਪੁੱਟ-ਪੁੱਟ ਕੇ ਸੁੱਟੇ ਜਾ ਰਹੇ ਹਨ।
ਮੀਟਿੰਗ ਵਿੱਚ ਤੁੰਗ ਢਾਬ ਦਾ ਮੁੱਦਾ ਵੀ ਵਿਚਾਰਿਆ
ਤੁੰਗ ਢਾਬ ਡਰੇਨ ਵਿੱਚ ਸੁੱਟੇ ਜਾ ਰਹੇ ਡੇਅਰੀਆਂ ਅਤੇ ਕਾਰਖਾਨਿਆਂ ਦੇ ਵਾਧੂ ਪਾਣੀ, ਜੋ ਕਿ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਹੇ ਹਨ, ਦੇ ਪ੍ਰਬੰਧ ਲਈ ਵਿਉਂਤਬੰਦੀ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਗੋਬਰ ਪ੍ਰਬੰਧਨ ਲਈ ਬੈਕਟੀਰੀਆ ਅਧਾਰਤ ਪ੍ਰਬੰਧ ਅਜ਼ਮਾਉਣ ਕਿਹਾ ਹੈ। ਘਰਾਂ ਤੋਂ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨ ਦੇ ਨਾਲ-ਨਾਲ ਅਜਿਹੇ ਕੂੜੇ ਨੂੰ ਵੱਖਰੇ ਤੌਰ ਉਤੇ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਜਾਵੇ। ਕੂੜਾ ਬਾਇਓ ਮੈਡੀਕਲ ਵੇਸਟ ਨੂੰ ਸਮੇਟਣ ਵਾਲੇ ਪਲਾਂਟ ਤੱਕ ਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਇੱਬਣ ਵਿਖੇ ਲੱਗੇ ਸੀਵਰੇਜ ਟਰੀਮਟਮੈਂਟ ਪਲਾਂਟ ਵਿਚੋਂ ਨਿਕਲਦੇ ਵਾਧੂ ਪਾਣੀ ਨੂੰ ਡਰੇਨ ਵਿਚ ਸੁੱਟਣ ਦੀ ਥਾਂ ਇਸ ਨੂੰ ਖੇਤਾਂ ਵਿੱਚ ਸਿੰਜਾਈ ਲਈ ਵਰਤੋਂਯੋਗ ਬਣਾਉਣ ਦੇ ਪ੍ਰਬੰਧ ਕਰਨ ਲਈ ਵੀ ਹੁਕਮ ਦਿੱਤੇ ਹਨ।