ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਪਰੈਲ
ਫੁਲਕਾਰੀ ਵਾਇਸ ਆਫ ਅੰਮ੍ਰਿਤਸਰ ਨਾਂ ਦੀ ਜਥੇਬੰਦੀ ਨੇ ਅੱਜ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਇਕ ਦੌੜ ਕਰਵਾਈ, ਜਿਸ ਵਿਚ ਲਗਪਗ 650 ਦੌੜਾਕਾਂ ਨੇ ਹਿੱਸਾ ਲਿਆ।
ਇਹ ਦੌੜ ਰਣਜੀਤ ਐਵੀਨਿਊ ਦੇ ਰੋਜ਼ ਗਾਰਡਨ ਤੋਂ ਆਰੰਭ ਹੋਈ ਜਿਸ ਨੂੰ ਤਿੰਨ ਸ਼੍ਰੇਣੀਆਂ ਵਿਚ ਇਕ ਕਿਲੋਮੀਟਰ, ਦੋ ਕਿਲੋਮੀਟਰ ਅਤੇ ਪੰਜ ਕਿਲੋਮੀਟਰ ਵਿਚ ਵੰਡਿਆ ਗਿਆ ਸੀ। ਇਸ ਵਿਚ ਫੁਲਕਾਰੀ ਜਥੇਬੰਦੀ ਦੇ ਮੈਂਬਰ ਅਤੇ ਹੋਰਨਾਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਵਿਚ ਲਗਪਗ 150 ਵਿਦਿਆਰਥੀ ਵੀ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਮੁਖੀ ਟੀਨਾ ਅੱਗਰਵਾਲ ਨੇ ਦੱਸਿਆ ਕਿ ਇਸ ਦੌੜ ਵਿਚ ਜੇਤੂ ਰਹੇ ਦੌੜਾਕਾਂ ਨੂੰ ਅਰਜੁਨ ਐਵਾਰਡੀ ਦਵਿੰਦਰ ਅਹੂਜਾ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌੜ ਦਾ ਮੁੱਖ ਮੰਤਵ ਖਰਾਬ ਅਤੇ ਪ੍ਰਦੂਸ਼ਿਤ ਹੋ ਰਹੀ ਧਰਤੀ ਨੂੰ ਬਚਾਉਣਾ ਹੈ।
ਇਸ ਬਾਰੇ ਦੌੜਾਕਾਂ ਨੂੰ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਧਰਤੀ ਨੂੰ ਬਚਾਉਣ ਅਤੇ ਸਾਂਭ ਸੰਭਾਲ ਲਈ ਹੋਰਨਾਂ ਨੂੰ ਵੀ ਜਾਗਰੂਕ ਕਰਨਗੇ। ਇਸ ਮੌਕੇ ਜੁੰਬਾ ਡਾਂਸ ਦੀ ਵੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੀ ਆਗੂ ਆਰਤੀ ਖੰਨਾ, ਕਨਿਕਾ ਮਹਿਰਾ, ਪਾਇਲ ਮਹਿਰਾ, ਸੁਮਾਇਆ ਪੇਸ਼ਾਵਰੀ ਤੇ ਹੋਰ ਹਾਜ਼ਰ ਸਨ।