ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 28 ਜੂਨ
ਭਾਰਤ ਸਰਕਾਰ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਸਾਰੇ ਸਕੂਲਾਂ (ਸਰਕਾਰੀ/ਗੈਰ ਸਰਕਾਰੀ/ਪ੍ਰਾਈਵੇਟ ਏਡਿਡ/ਪ੍ਰਾਈਵੇਟ ਅਣ-ਏਡਿਡ/ਕੇਂਦਰੀ ਵਿਦਿਆਲਾ) ਦੇ ਕਰਵਾਏ ਗਏ ਸਵੱਛ ਵਿਦਿਆਲਾ ਪੁਰਸਕਾਰ ਮੁਕਾਬਲੇ ਵਿਚ ਜ਼ਿਲ੍ਹਾ ਪੱਧਰ ’ਤੇ ਜੇਤੂ ਰਹਿਣ ਵਾਲੇ ਸਕੂਲਾਂ ਨੂੰ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਨੇ ਸਨਮਾਨਿਤ ਕੀਤਾ ਹੈ। ਸਵੱਛ ਵਿਦਿਆਲਾ ਪੁਰਸਕਾਰ ਹਰ ਵਰ੍ਹੇ ਭਾਰਤ ਸਰਕਾਰ ਦੁਆਰਾ ਕਰਵਾਇਆ ਜਾਣ ਵਾਲਾ ਕੌਮੀ ਪੱਧਰੀ ਮੁਕਾਬਲਾ ਹੈ। ਸਾਲ 2021-22 ਦੇ ਇਸ ਮੁਕਾਬਲੇ ਵਿਚ 867 ਸਕੂਲਾਂ ਨੇ ਆਨਲਾਈਨ ਅਪਲਾਈ ਕੀਤਾ ਸੀ, ਇਨ੍ਹਾਂ ਸਕੂਲਾਂ ’ਚੋਂ 38 ਸਕੂਲਾਂ ਨੇ ਜ਼ਿਲ੍ਹਾ ਪੱਧਰ ’ਤੇ ਸਨਮਾਨ ਹਾਸਲ ਕੀਤਾ। 38 ਸਕੂਲਾਂ ਵਿਚੋਂ 8 ਸਕੂਲਾਂ ਨੇ ਓਵਰਆਲ ਦਰਜਾ ਪ੍ਰਾਪਤ ਕੀਤਾ, ਜਦੋਂਕਿ 30 ਸਕੂਲਾਂ ਨੇ 6 ਵੱਖ-ਵੱਖ ਵਰਗਾਂ ਅਧੀਨ ਵਧੀਆ ਕਾਰਗੁਜ਼ਾਰੀ ਲਈ ਸਨਮਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਪੱਧਰੀ ਸਨਮਾਨ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ ਵਿੱਚ ਹੋਇਆ। ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਨੇ ਜੇਤੂ ਸਕੂਲਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ। ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਸਕੂਲ ਮੁਖੀਆ ਨੂੰ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਜੁਗਰਾਜ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਰਜੇਸ਼ ਸ਼ਰਮਾ ਨੇ ਜੇਤੂ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕੀਤਾ ਅਤੇ ਸਕੂਲ ਮੁਖੀਆਂ ਦੀ ਆਪਣੇ ਸਕੂਲਾਂ ਨੂੰ ਸਵੱਛ ਬਣਾਉਣ ਲਈ ਸ਼ਲਾਘਾ ਕੀਤੀ।