ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਸਤੰਬਰ
ਅੱਜ ਦੁਪਹਿਰ ਵੇਲੇ ਇੱਥੇ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਮੀਂਹ ਪੈਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਪਰ ਕੁੱਝ ਹਿੱਸੇ ਮੀਂਹ ਤੋਂ ਵਾਂਝੇ ਵੀ ਰਹਿ ਗਏ ਪਰ ਹਵਾ ਦੇ ਠੰਢੇ ਝੌਕਿਆਂ ਦਾ ਲੋਕਾਂ ਨੇ ਆਨੰਤ ਆਨੰਦ ਮਾਣਿਆ।
ਇਹ ਮੀਂਹ ਦੁਪਹਿਰ ਲਗਪਗ ਡੇਢ ਵਜੇ ਸ਼ੁਰੂ ਹੋਇਆ ਅਤੇ ਲਗਪਗ ਢਾਈ ਵਜੇ ਤੱਕ ਜਾਰੀ ਰਿਹਾ । ਦੁਪਹਿਰ ਵੇਲੇ ਅਚਨਚੇਤੀ ਕਾਲੇ ਸੰਘਣੇ ਬੱਦਲ ਆਏ ਜਿਸ ਨਾਲ ਠੰਢੀ ਹਵਾ ਵਗਣੀ ਸ਼ੁਰੂ ਹੋ ਗਈ। ਅਚਨਚੇਤੀ ਮੋਹਲੇਧਾਰ ਮੀਂਹ ਵੀ ਸ਼ੁਰੂ ਹੋ ਗਿਆ। ਬੱਸ ਅੱਡੇ ਤੋਂ ਅਗਾਂਹ ਨਿਊ ਅੰਮ੍ਰਿਤਸਰ ਵਾਲੇ ਪਾਸੇ ਪੂਰੀ ਤਰ੍ਹਾਂ ਸੋਕਾ ਰਿਹਾ ਜਦੋਂ ਕਿ ਸ਼ਹਿਰ ਦੇ ਪਿਛਲੇ ਹਿੱਸੇ ਵਿਚ ਇੱਕ ਘੰਟੇ ਦੌਰਾਨ ਭਾਰੀ ਮੀਂਹ ਪਿਆ ਹੈ ਜਿਸ ਕਾਰਨ ਕਈ ਥਾਵਾਂ ਤੇ ਮੀਂਹ ਦਾ ਪਾਣੀ ਵੀ ਇਕੱਠਾ ਹੋ ਗਿਆ ਸੀ । ਮੀਂਹ ਤੋਂ ਬਾਅਦ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਉਂਝ ਵੀ ਹੁਣ ਮੌਸਮ ਵਿਚ ਬਦਲਾਅ ਆ ਰਿਹਾ ਹੈ। ਜਿਸ ਦੇ ਚੱਲਦਿਆ ਸਵੇਰੇ ਅਤੇ ਰਾਤ ਵੇਲੇ ਤਾਪਮਾਨ ਵਿਚ ਡਿਗ ਰਿਹਾ ਹੈ।ਮਿਲੇ ਵੇਰਵਿਆਂ ਮੁਤਾਬਕ ਇਹ ਮੀਂਹ ਨੇੜਲੇ ਸਰਹੱਦੀ ਇਲਾਕਿਆਂ ਵਿੱਚ ਵੀ ਪਿਆ ਹੈ । ਕਿਸਾਨਾਂ ਨੇ ਬਾਸਮਤੀ ਦੀ ਫਸਲ ਲਈ ਇਸ ਮੀਂਹ ਨੂੰ ਲਾਹੇਵੰਦ ਦੱਸਿਆ ਹੈ ਜਦੋਂ ਕਿ ਝੋਨੇ ਦੀ ਪੱਕਣ ਕੰਢੇ ਖੜ੍ਹੀ ਫਸਲ ਲਈ ਇਸ ਨੂੰ ਨੁਕਸਾਨਦੇਹ ਦੱਸਿਆ।
ਮੀਂਹ ਨਾਲ ਜਿੱਥੇ ਦੁਕਾਨਦਾਰ ਭਾਈਚਾਰਾ ਅਤੇ ਸੈਲਾਨੀ ਖੁਸ਼ ਸਨ ਉੱਥੇ ਕਿਸਾਨਾਂ ਦਾ ਰਲਿਆ ਮਿਲਿਆ ਪ੍ਰਤੀਕਰਮ ਮਿਲਿਆ ਹੈ। ਝੋਨਾ ਉਤਪਾਦਕ ਖੁਸ਼ ਨਹੀਂ ਸਨ ਪਰ ਬਾਸਮਤੀ ਬੀਜਣ ਵਾਲੇ ਕਿਸਾਨਾਂ ਨੇ ਮੀਂਹ ਨੂੰ ਫਸਲ ਲਈ ਲਾਹੇਵੰਦ ਦੱਸਿਆ ਹੈ।