ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 4 ਅਕਤੂਬਰ
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾ ਪੀ.ਜੀ.ਆਈ ਦੀ ਤਰਜ਼ ’ਤੇ ਵਿਕਾਸ ਕੀਤਾ ਜਾਵੇਗਾ ਅਤੇ ਸਾਰੀਆਂ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਇਸ ਹਸਪਤਾਲ ਤੋਂ ਕਿਸੇ ਮਰੀਜ਼ ਨੂੰ ਦੂਜੇ ਹਸਪਤਾਲਾਂ ਵਿੱਚ ਰੈਫਰ ਨਾ ਕੀਤਾ ਜਾਵੇ ਸਗੋਂ ਇਥੇ ਮਰੀਜ਼ ਦਾ ਇਲਾਜ ਹੋ ਸਕੇ।ਮੈਡੀਕਲ ਕਾਲਜ ਵਿਖੇ ਡਾਕਟਰਾਂ ਨਾਲ ਮੀਟਿੰਗ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਮੁੱਖ ਲੋੜ ਸਿੱਖਿਆ ਅਤੇ ਸਿਹਤ ਸੇਵਾਵਾਂ ਉਪਲਬੱਧ ਕਰਵਾਉਣ ਦੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਜਲਦ ਹੀ ਸੁਪਰਸਪੈਸ਼ਲਿਟੀ ਡਾਕਟਰਾਂ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ ਅਤੇ ਸਿਹਤ ਵਿਭਾਗ ਵਿੱਚ ਜੋ ਅਸਾਮੀਆਂ ਖਾਲੀ ਪਈਆਂ ਹਨ, ਦੀ ਭਰਤੀ ਕੀਤੀ ਜਾਵੇਗੀ। ਹੈਲਥ ਇੰਪਲਾਈਜ ਐਸੋਸੀਏਸ਼ਨ ਦੇ ਵਫਦ ਨੇ ਬਾਬਾ ਸ਼ਮਸ਼ੇਰ ਸਿੰਘ ਕੋਹਲੀ ਅਤੇ ਮਲਕੀਅਤ ਸਿੰਘ ਭੱਟੀ ਦੀ ਅਗਵਾਈ ਹੇਠ ਸਿਹਤ ਮੰਤਰੀ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਮੰਗ ਪੱਤਰ ਦਿੱਤਾ।ਉਨ੍ਹਾਂ ਮੰਗਾਂ ਉੱਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।