ਪੱਤਰ ਪ੍ਰੇਰਕ
ਅੰਮ੍ਰਿਤਸਰ, 2 ਅਕਤੂਬਰ
ਹਾਥਰਸ ਘਟਨਾ ਦੇ ਵਿਰੋਧ ਵਿਚ ਬੀਤੀ ਰਾਤ ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਪੰਜਾਬ) ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਅਗਵਾਈ ਵਿਚ ਧਰਮ ਸਿੰਘ ਮਾਰਕੀਟ ਤੋਂ ਜੱਲ੍ਹਿਆਂਵਾਲਾ ਬਾਗ਼ ਤਕ ਮੋਮਬੱਤੀ ਮਾਰਚ ਕੀਤਾ ਗਿਆ। ਪ੍ਰਧਾਨ ਅਕਸ਼ੇ ਸ਼ਰਮਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਲੜਕੀ ਦੇ ਜਬਰ-ਜਨਾਹ ਦੀ ਘਟਨਾ ਨੇ ਪੂਰੇ ਦੇਸ਼ ਦਾ ਸਿਰ ਸ਼ਰਮ ਨਾਲ ਝੁਕਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਪ੍ਰਦੇਸ਼ ਵਿੱਚ ਦੇਸ਼ ਦੀਆਂ ਧੀਆਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਸਾਬਤ ਹੋਈ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪਾਰਟੀ ਦੇ ਪੰਜਾਬ ਸੂਬਾ ਇੰਚਾਰਜ ਹਰੀਸ਼ ਰਾਵਤ ਦੀ ਅਗਵਾਈ ਹੇਠ ਕੱਢੇ ਗਏ ਮਾਰਚ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਯੁਵਾ ਨੇਤਾ ਵਿਕਾਸ ਸੋਨੀ ਸਹਿਤ ਵਿਦਿਆਰਥੀ ਜਥੇਬੰਦੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਟਾਂਡਾ (ਪੱਤਰ ਪ੍ਰੇਰਕ): ਅੱਜ ਇੱਥੇ ਆਦਿ ਧਰਮ ਸਮਾਜ ਭਾਰਤ ਦੀ ਟਾਂਡਾ ਇਕਾਈ ਦੇ ਮੈਂਬਰਾਂ ਨੇ ਹਾਥਰਸ ਵਿੱਚ ਦਲਿਤ ਲੜਕੀ ਨਾਲ ਵਾਪਰੇ ਦਰਦਨਾਕ ਦੁਖਾਂਤ ਨੂੰ ਲੈ ਕੇ ਯੂਪੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਪੁਤਲਾ ਫੂਕਿਆ। ਇਸ ਮੌਕੇ ਆਗੂਆਂ ਨੇ ਮੁਲਜ਼ਮਾਂ ਲਈ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਦਲ ਖ਼ਾਲਸਾ ਦੀ ਸਕੱਤਰ ਰਣਵੀਰ ਸਿੰਘ ਅਤੇ ਸੀਨੀਅਰ ਆਗੂ ਭਾਈ ਗੁਰਦੀਪ ਸਿੰਘ ਕਾਲਕਟ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਉੱਤਰ ਪ੍ਰਦੇਸ਼ ’ਚ ਜਬਰ-ਜਨਾਹ ਮਾਮਲੇ ਦੀ ਨਿਖੇਧੀ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਤਰਨ ਤਾਰਨ (ਪੱਤਰ ਪ੍ਰੇਰਕ): ਅੱਜ ਪਿੰਡ ਗੋਹਲਵੜ੍ਹ ਵਿੱਚ ਜਨਤਕ ਜਥੇਬੰਦੀਆਂ ਨੇ ਰੈਲੀ ਕਰ ਕੇ ਹਾਥਰਸ ਘਟਨਾ ਨੂੰ ਗੰਭਿਰਤਾ ਨਾਲ ਨਾ ਲੈਣ ਲਈ ਯੂਪੀ ਸਰਕਾਰ ਦੀ ਨਿਖੇਧੀ ਕੀਤੀ| ਆਗੂਆਂ ਨੇ ਜ਼ਬਰ-ਜਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ।