ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਕਤੂਬਰ
ਕਰੋਨਾ ਮਹਾਂਮਾਰੀ ਦਾ ਪ੍ਰਭਾਵ ਅਜੇ ਵੀ ਰਹਿਣ ਕਾਰਨ ਇਸ ਵਾਰ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਸਿਰਫ਼ ਪੰਜ ਦਿਨਾਂ ਦੇ ਹੋਣਗੇ। ਇਹ ਫ਼ੈਸਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਟੀਪੀਬੀ (ਈਵੈਕਿਊ ਟਰੱਸਟ ਪ੍ਰਾਪਰਟੀ ਬੋਰਡ) ਦੇ ਅਧਿਕਾਰੀਆਂ ਵਿਚਾਲੇ ਲਾਹੌਰ ’ਚ ਹੋਈ ਇੱਕ ਮੀਟਿੰਗ ’ਚ ਲਿਆ ਗਿਆ ਹੈ। ਮੀਟਿੰਗ ਵਿੱਚ ‘ਪੀਜੀਪੀਸੀ’ ਦੇ ਪ੍ਰਧਾਨ ਸਤਵੰਤ ਸਿੰਘ, ਈਟੀਪੀਬੀ ਦੇ ਚੇਅਰਮੈਨ ਡਾ. ਆਮਿਰ ਅਹਿਮਦ ਤੇ ਹੋਰ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਕਰੋਨਾਵਾਇਰਸ ਕਾਰਨ 551ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਸੰਖੇਪ ਰੂਪ ’ਚ ਕੀਤੇ ਜਾਣਗੇ। ਇਹ ਸਮਾਗਮ ਸਿਰਫ਼ ਪੰਜ ਦਿਨਾਂ ਵਾਸਤੇ ਨਨਕਾਣਾ ਸਾਹਿਬ ਵਿਖੇ ਹੀ ਹੋਣਗੇ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸਮਾਗਮਾਂ ਬਾਰੇ ਡਿਊਟੀਆਂ ਵੀ ਲਾਈਆਂ ਗਈਆਂ।
ਦੱਸਣਯੋਗ ਹੈ ਕਿ ਕਰੋਨਾ ਮਹਾਮਾਰੀ ਤੋਂ ਪਹਿਲਾਂ ਇਹ ਸਮਾਗਮ ਦਸ ਦਿਨਾਂ ਵਾਸਤੇ ਹੁੰਦੇ ਸਨ। ਇਸ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਵੀ ਈਟੀਪੀਬੀ ਅਤੇ ਪੀਜੀਪੀਸੀ ਦੇ ਆਗੂਆਂ ਦੀ ਸਾਂਝੀ ਮੀਟਿੰਗ ਹੋਈ ਸੀ, ਜਿਸ ਵਿੱਚ ਗੁਰੂ ਨਾਨਕ ਦੇਵ ਦਾ 551ਵਾਂ ਪ੍ਰਕਾਸ਼ ਪੁਰਬ ਅਤੇ ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਪਹਿਲੀ ਵਰ੍ਹੇਗੰਢ ਮਨਾਉਣ ਬਾਰੇ ਚਰਚਾ ਹੋਈ ਸੀ।
ਭਾਵੇਂ ਅਜੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਸਤੇ ਹਰੀ ਝੰਡੀ ਨਹੀਂ ਦਿੱਤੀ ਗਈ ਹੈ ਪਰ ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਦੀ ਤਿਆਰੀ ਆਰੰਭ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਜਾਣ ਦੇ ਇੱਛੁਕ ਸ਼ਰਧਾਲੂਆਂ ਕੋਲੋਂ ਪਾਸਪੋਰਟ ਮੰਗੇ ਗਏ ਹਨ। ਦੱਸਣਯੋਗ ਹੈਕਿ ਕਰੋਨਾ ਮਹਾਂਮਾਰੀ ਕਾਰਨ ਭਾਰਤ ਸਰਕਾਰ ਵੱਲੋਂ ਸਰਹੱਦੀ ਲਾਂਘਾ ਬੰਦ ਕੀਤਾ ਗਿਆ ਹੈ।