ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 29 ਅਕਤੂਬਰ
ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ), ਨਵੀਂ ਦਿੱਲੀ ਦੇ ਸਕੱਤਰ ਜਨਰਲ, ਡਾ. ਮਿਸਜ਼ ਪੰਕਜ ਮਿੱਤਲ ਨੇ ਕਿਹਾ ਹੈ ਕਿ ਅੰਤਰ-ਯੂਨੀਵਰਸਿਟੀ ਕੌਮੀ ਯੁਵਕ ਮੇਲਿਆਂ ਦੇ ਜੇਤੂਆਂ ਨੂੰ ਇੰਡੀਅਨ ਕੌਂਸਲ ਆਫ ਕਲਚਰ ਰੀਲੇਸ਼ਨਜ਼ ਆਉਣ ਵਾਲੇ ਸਮੇਂ ਵਿੱਚ ਵਿਦੇਸ਼ਾਂ ਦੀਆਂ ਸੈਰਾਂ ਕਰਵਾਉਣਗੇ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਕਲਾਕਾਰ-ਵਿਦਿਆਰਥੀਆਂ ਨੂੰ ਭਾਰਤੀ ਯੁਵਕ ਮੇਲਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਜਾਵੇਗਾ। ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟ ਦੇ ਸ਼ੁਰੂ ਹੋਏ ਯੁਵਕ ਮੇਲੇ ਦੇ ਉਦਘਾਟਨੀ ਸਮਾਗਮ ਮੌਕੇ ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਜਿਥੇ ਅੰਤਰਰਾਸ਼ਟਰੀ ਯੁਵਕ ਮੇਲਾ ਕਰਵਾਉਣ ਜਾ ਰਹੀ ਹੈ, ਉਥੇ ਏਸ਼ੀਅਨ ਯੂਨੀਵਰਸਿਟੀਜ਼ ਦਾ ਯੁਵਕ ਮੇਲਾ ਵੀ ਕਰਾਏਗੀ। ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਯੁਵਕ ਮੇਲੇ ਵਿੱਚ ਵੀਹ ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟ ਦੇ 550 ਕਲਾਕਾਰ ਵਿਦਿਆਰਥੀ ਹਿੱਸਾ ਲੈ ਰਹੇ ਹਨ, ਜੋ ਤਿੰਨ ਵੱਖ ਵੱਖ ਸਟੇਜਾਂ ’ਤੇ 35 ਮੁਕਾਬਲਿਆਂ ਵਿੱਚ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਅੱਜ ਦੇ ਯੁਵਕ ਮੇਲੇ ਦੀ ਸ਼ੁਰੂਆਤ ਭੰਗੜਿਆਂ ਦੀ ਧਮਾਲ ਨਾਲ ਹੋਈ, ਜਿਸ ਵਿੱਚ ਵੱਖ ਵੱਖ ਕਾਲਜਾਂ ਦੀਆਂ ਭੰਗੜਾਂ ਟੀਮਾਂ ਨੇ ਪੰਜਾਬੀ ਲੋਕ ਨਾਚ ਭੰਗੜੇ ’ਚ ਆਪਣੇ ਬਲ ਵਿਖਾਏ। ਅੱਜ ਦਸਮੇਸ਼ ਆਡੀਟੋਰੀਅਮ ਦੀ ਸਟੇਜ ’ਤੇ ਹੋਏ ਮੁਕਾਬਲਿਆਂ ਵਿੱਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ ਭਾਰਤੀ, ਲੋਕ ਸਾਜ਼ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਗੁਰੂ ਨਾਨਕ ਭਵਨ ਆਡੀਟੋਰੀਅਮ ਦੀ ਦੂਜੀ ਸਟੇਜ ’ਤੇ ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ, ਕਲਾਸੀਕਲ ਇੰਸਟਰੂਮੈਂਟਲ ਨਾਨ-ਪਰਕਸ਼ਨ, ਕਲਾਸੀਕਲ ਵੋਕਲ ਦੀਆਂ ਆਈਟਮਾਂ ਵਿਚ ਕਾਲਜਾਂ ਦੀਆਂ ਟੀਮਾਂ ਨੇ ਪ੍ਰਦਰਸ਼ਨ ਕੀਤਾ। ਅੰਤਿਮ ਦਿਨ 31 ਅਕਤੂਬਰ ਨੂੰ ਲੋਕ ਨਾਚ ਗਿੱਧੇ ਨਾਲ ਇਹ ਯੁਵਕ ਮੇਲਾ ਆਪਣੀ ਸਮਾਪਤੀ ਵੱਲ ਵਧੇਗਾ।