ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 19 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਦੋ ਸਾਲ ਦੇ ਵਕਫੇ ਬਾਅਦ ਅੱਜ ਧੂਮ ਧੜੱਕੇ ਨਾਲ ਤਿੰਨ ਰੋਜ਼ਾ ਬੀ ਜ਼ੋਨ ਦਾ ਜ਼ੋਨਲ ਯੁਵਕ ਮੇਲਾ ਸ਼ੁਰੂ ਹੋਇਆ। ਕਰੋਨਾ ਕਾਰਨ ਕਲਾਕਾਰ ਵਿਦਿਆਰਥੀਆਂ ਨੂੰ ਆਪਣੀ ਕਲਾ ਦੇ ਜੌਹਰ ਵਿਖਾਉਣ ਦਾ ਜੋ ਮੌਕਾ ਨਹੀਂ ਸੀ ਮਿਲਿਆ, ਹੁਣ ਇਸ ਸ਼ੁਰੂ ਹੋਏ ਯੁਵਕ ਮੇਲੇ ਵਿਚ ਮੌਕਾ ਮਿਲ ਰਿਹਾ ਹੈ। 21 ਅਕਤੂਬਰ ਤਕ ਚੱਲਣ ਵਾਲੇ ਇਸ ਯੁਵਕ ਮੇਲੇ ਦਾ ਉਦਘਾਟਨ ਕਰਦਿਆਂ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਵਿਦਿਆਰਥੀ ਜੀਵਨ ਵਿਚ ਯੁਵਕ ਮੇਲਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਧਿਆਨ ਪੜ੍ਹਾਈ ਉਪਰ ਕੇਂਦਰਿਤ ਕਰਨ ਦੇ ਨਾਲ ਨਾਲ ਹੋਰ ਉਸਾਰੂ ਸਰਗਰਮੀਆਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਮੇਂ ਦੀਆਂ ਲੋੜਾਂ ਅਤੇ ਬਦਲਦੇ ਹਲਾਤਾਂ ਦੇ ਅਨੁਸਾਰ ਪੜ੍ਹਾਈ ਦੇ ਨਾਲ ਹੋਰ ਕੀਤੀਆਂ ਸਰਗਰਮੀਆਂ ਉਨ੍ਹਾਂ ਦੇ ਕੈਰੀਅਰ ਨੂੰ ਬਣਾਉਣ ਵਿਚ ਬਹੁਤ ਸਹਾਈ ਹੁੰਦੀਆਂ ਹਨ। ਉਨ੍ਹਾਂ ਯੂਨੀਵਰਸਿਟੀ ਦੇ ਵਾਤਾਵਰਣ ਅਤੇ ਪੜ੍ਹਾਈ ਵਾਲੇ ਮਾਹੌਲ ਲਈ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਦੀ ਅੰਦਰਲੀ ਕਲਾ ਪ੍ਰਤਿਭਾ ਨੂੰ ਵੀ ਉਭਾਰਨ ਦੇ ਲਈ ਉਨ੍ਹਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਦੇ ਹਨ। ਡੀਨ ਵਿਦਿਆਰਥੀ ਭਲਾਈ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ, ਪ੍ਰੋ. ਅਨੀਸ਼ ਦੂਆ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿਚ 36 ਕਲਾ ਆਈਟਮਾਂ ਵਿਚ 13 ਕਾਲਜਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਯੁਵਕ ਮੇਲੇ ਦੀ ਅੱਜ ਦੀ ਸ਼ੁਰੂਆਤ ਭੰਗੜੇ ਨਾਲ ਹੋਈ ਜਿਸ ਨੇ ਦਸਮੇਸ਼ ਆਡੀਟੋਰੀਅਮ ਵਿਚ ਆਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਯੁਵਕ ਮੇਲੇ ਦੇ ਪਹਿਲੇ ਦਿਨ ਅੱਜ ਤਿੰਨ ਸਟੇਜਾਂ ਉੱਤੇ ਭੰਗੜਾ, ਸਮੂਹ ਸ਼ਬਦ/ਭਜਨ, ਸਮੂਹ ਗੀਤ ਭਾਰਤੀ, ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ, ਕਲਾਸੀਕਲ ਇੰਸਟਰੂਮੈਂਟਲ ਨਾਨ-ਪਰਕਸ਼ਨ, ਕਲਾਸੀਕਲ ਗਾਇਨ, ਵਾਰ ਗਾਇਨ, ਕਵਿਸ਼ਰੀ, ਪੇਂਟਿੰਗ ਆਨ ਦ ਸਪੋਟ, ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ਼, ਆਨ ਦ ਸਪੋਟ ਫੋਟੋਗਰਾਫੀ, ਕਲੇਅ ਮਾਡਲਿੰਗ, ਇੰਸਟਾਲੇਸ਼ਨ ਦੇ ਮੁਕਾਬਲੇ ਕਰਵਾਏ ਗਏ।