ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਅਪਰੈਲ
ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅੱਜ ਇਥੇ ਜਾਮਾ ਮਸਜਿਦ ਪੁੱਜੇ ਤੇ ਮੁਸਲਿਮ ਭਾਈਚਾਰੇ ਨਾਲ ਮੁਲਾਕਾਤ ਕੀਤੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਈਮਾਨ ਸਿੰਘ ਮਾਨ ਵੀ ਜਾਮਾ ਮਸਜਿਦ ਪੁੱਜੇ ਹਨ, ਜਿਨ੍ਹਾਂ ਨੇ ਜੁਮੇ ਦੀ ਨਮਾਜ਼ ਵਿੱਚ ਸ਼ਮੂਲੀਅਤ ਕੀਤੀ। ਸ੍ਰੀ ਈਮਾਨ ਸਿੰਘ ਮਾਨ ਨੇ ਜੁਮੇ ਦੀ ਨਮਾਜ਼ ਵਿੱਚ ਸ਼ਾਮਲ ਹੁੰਦਿਆਂ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਮਸਜਿਦ ਦੇ ਇਮਾਮ ਹਾਮਿਦ ਹੁਸੈਨ ਨਾਲ ਵੀ ਮੁਲਾਕਾਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਸ੍ਰੀ ਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ। ਉਥੇ ਹੀ ਸ੍ਰੀ ਔਜਲਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਵੱਖ-ਵੱਖ ਧਰਮ ਸਥਾਨਾਂ ’ਤੇ ਨਤਮਸਤਕ ਹੋ ਕੇ ਸ਼ੁਰੂ ਕੀਤੀ ਹੈ।