ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 26 ਦਸੰਬਰ
ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਵੱਲੋਂ ਪੰਜਾਬ ਵਪਾਰ ਮੰਡਲ ਅਤੇ ਡਾਇਰੈਕਟਰ ਜਨਰਲ ਆਫ ਫਾਰਨ ਟਰੇਡ ਨਾਲ ਮਿਲ ਕੇ ਪੰਜਾਬ ਐਕਸਪੋਰਟ ਸੰਮੇਲਨ -2021 ਕਰਵਾਇਆ ਗਿਆ।
ਸਮਾਗਮ ਵਿੱਚ ਰਾਜ ਭਰ ਵਿੱਚੋਂ ਆਏ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਨੇ ਵਪਾਰੀਆਂ ਵਿਰੁੱਧ ਵੈਟ ਨਾਲ ਸਬੰਧਤ ਦਰਜ 40 ਹਜ਼ਾਰ ਕੇਸ ਵਾਪਸ ਲੈ ਲਏ ਹਨ, ਜਿਸ ਨਾਲ ਵਪਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸੰਸਥਾਗਤ ਟੈਕਸ ਖ਼ਤਮ ਕਰ ਦਿੱਤਾ ਹੈ ਅਤੇ ਫੈਕਟਰੀਆਂ ਤੇ ਉਦਯੋਗਿਕ ਖੇਤਰਾਂ ਦੇ ਵਿਸਥਾਰ ਲਈ ਸੀ.ਐੱਲ.ਯੂ. ਦੀ ਲੋੜ ਨੂੰ ਖ਼ਤਮ ਕਰਨਾ ਅਜਿਹੇ ਫੈਸਲੇ ਹਨ, ਜੋ ਕਾਰੋਬਾਰ ਨੂੰ ਵਧਾਉਣ ਲਈ ਸਦੀਆਂ ਤਕ ਜਾਣੇ ਜਾਂਦੇ ਰਹਿਣਗੇ।
ਉਨ੍ਹਾਂ ਕਿਹਾ ਕਿ 14 ਮੋਬਾਈਲ ਦਸਤਿਆਂ ਦੀ ਗਿਣਤੀ 4 ਕਰਕੇ ਇੰਸਪੈਕਟਰੀ ਰਾਜ ਨੂੰ ਖਤਮ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਵਿਵਾਦਿਤ ਮਾਮਲਿਆਂ ਲਈ 150 ਕਰੋੜ ਰੁਪਏ ਦੀ ਯਕਮੁਸ਼ਤ ਨਿਪਟਾਰਾ ਸਕੀਮ ਨੂੰ ਵੀ ਲਾਗੂ ਕੀਤਾ ਗਿਆ ਹੈ, ਜਿਸਦਾ ਕਾਰੋਬਾਰੀ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ 10 ਏਕੜ ਵਿੱਚ ਜਲਦੀ ਹੀ ਕਨਵੈਨਸ਼ਨ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਨਾਲ ਰਾਜ ਭਰ ਦੇ ਵਪਾਰੀ ਇਕ ਹੀ ਛੱਤ ਥੱਲੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੇ ਉਦਯੋਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਬਿਜਲੀ ਦੇ ਫਿਕਸ ਚਾਰਜਾਂ ਵਿੱਚ 50 ਫੀਸਦੀ ਕਟੌਤੀ ਅਤੇ ਇੰਸਟਚਿਊਸ਼ਨਲ ਟੈਕਸ ਪੂਰੀ ਤਰ੍ਹਾਂ ਮੁਆਫ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਵਿਚ ਉਦਯੋਗਪਤੀਆਂ ਦਾ ਬਹੁਤ ਵੱਡਾ ਯੋਗਦਾਨ ਹੈ।