ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਅਕਤੂਬਰ
ਸਰਕਾਰ ਵੱਲੋਂ ਦੁੱਧ ਦੇ ਰੇਟ ਵਿੱਚ ਦੋ ਰੁਪਏ ਵਾਧਾ ਕੀਤੇ ਜਾਣ ’ਤੇ ਇਤਰਾਜ਼ ਕਰਦਿਆਂ ਭਾਜਪਾ ਦੀ ਸਾਬਕਾ ਮੰਤਰੀ ਅਤੇ ਦੁਰਗਿਆਨਾ ਕਮੇਟੀ ਦੀ ਮੁਖੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਇਹ ਮਹਿੰਗਾ ਦੁੱਧ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁੱਧ, ਆਟਾ, ਦਾਲ ,ਚੀਨੀ ਨਮਕ ਜੋ ਕਿ ਜ਼ਿੰਦਗੀ ਲਈ ਜ਼ਰੂਰੀ ਵਸਤਾਂ ਹਨ ਅਤੇ ਇਹ ਗ਼ਰੀਬ ਤੇ ਅਮੀਰ ਦੋਵਾਂ ਦੇ ਘਰ ਵਿਚ ਵਰਤੀਆਂ ਜਾਂਦੀਆਂ ਹਨ, ਨੂੰ ਮਹਿੰਗਾ ਕਰਨ ਦਾ ਫ਼ੈਸਲਾ ਸਰਕਾਰ ਦਾ ਲੋਕ ਵਿਰੋਧੀ ਕਦਮ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਦੱਸੇ ਕਿ ਦੁੱਧ ਦੋ ਰੁਪਏ ਕਿੱਲੋ ਮਹਿੰਗਾ ਕਿਉਂ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਵਰ੍ਹੇ ਦੌਰਾਨ ਵੇਰਕਾ ਦਾ ਦੁੱਧ ਲਗਪਗ ਚਾਰ ਵਾਰ ਮਹਿੰਗਾ ਕੀਤਾ ਗਿਆ ਹੈ। ਉਸ ਦੇ ਨਾਲ ਹੀ ਅਮੂਲ ,ਮਦਰ ਡੇਅਰੀ ਤੇ ਹੋਰ ਕੰਪਨੀਆਂ ਵੱਲੋਂ ਵੀ ਦੁੱਧ ਮਹਿੰਗਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਗ਼ਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਦੁੱਧ ਕਿਵੇਂ ਪਿਆਉਣ । ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਲੋਕਾਂ ਨੂੰ ਮੁਫ਼ਤ ਚੀਜ਼ਾਂ ਦੀ ਥਾਂ ਸਸਤੀਆਂ ਚੀਜ਼ਾਂ ਦੇਵੇ । ਉਨ੍ਹਾਂ ਕਿਹਾ ਕਿ ਜੋ ਲੋਕ ਮਹਿੰਗੀ ਸ਼ਰਾਬ ਖ਼ਰੀਦ ਸਕਦੇ ਹਨ, ਉਨ੍ਹਾਂ ਨੂੰ ਕੁਝ ਵੀ ਮੁਫ਼ਤ ਦੇਣਾ ਜਾਇਜ਼ ਨਹੀਂ ਹੈ । ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮਹਿੰਗਾਈ ’ਤੇ ਕਾਬੂ ਪਾਏ ਅਤੇ ਰਾਸ਼ਨ ਸਮੇਤ ਦੁੱਧ ਦੇ ਰੇਟ ਘੱਟ ਕਰੇ ।