ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਜੂਨ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਕ ਪੱਤਰ ਭੇਜ ਕੇ ਆਖਿਆ ਕਿ ਸੂਬੇ ਵਿਚ ਨਸ਼ੇ ਦੇ ਕਾਰੋਬਾਰ ਨੂੰ ਨੱਥ ਪਾਉਣ ਵਾਸਤੇ ਇਕ ਠੋਸ ਯੋਜਨਾ ਉਲੀਕੀ ਜਾਵੇ ਅਤੇ ਯੋਗ ਤੰਤਰ ਦੀ ਸਥਾਪਨਾ ਕੀਤੀ ਜਾਵੇ। ਸੰਸਦ ਮੈਂਬਰ ਨੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਹੈ। ਉਨ੍ਹਾਂ ਇਹ ਪੱਤਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਸੌਂਪਿਆ। ਇਸ ਮੌਕੇ ਉਨ੍ਹਾਂ ਨਾਲ ਕਈ ਕਾਂਗਰਸੀ ਆਗੂ ਹਾਜ਼ਰ ਸਨ।
ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਠੋਸ ਯੋਜਨਾ ਉਲੀਕਣ ਅਤੇ ਯੋਗ ਤੰਤਰ ਦੀ ਸਥਾਪਨਾ ਕਰਨ ਦਾ ਸੁਝਾਅ ਦਿੰਦਿਆਂ ਉਨ੍ਹਾਂ ਆਖਿਆ ਕਿ ਜੇਕਰ ਇਸ ਮਾਮਲੇ ਵਿਚ ਸੂਬੇ ਦੀ ਪੁਲੀਸ ਕੁਝ ਕਰਨ ਵਿੱਚ ਨਾਕਾਮ ਹੈ ਤਾਂ ਇਸ ਦੀ ਥਾਂ ਤੇ ਨਵੇਂ ਅਤਿ ਆਧੁਨਿਕ ਵਿੰਗ ਦੀ ਸਥਾਪਨਾ ਕਰਨੀ ਚਾਹੀਦੀ ਹੈ। ਉਨ੍ਹਾਂ ਲਿਖਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਕੰਮ ਕਰ ਰਹੇ ਹਨ। ਇਸ ਸਬੰਧ ਵਿੱਚ ਉਨ੍ਹਾਂ ਕਈ ਵਾਰ ਪੁਲੀਸ ਨੂੰ ਵੀ ਸੂਚਨਾ ਦਿੱਤੀ ਹੈ ਪਰ ਪੁਲੀਸ ਦੀ ਅੱਖਾਂ ਬੰਦ ਕਰਨ ਵਾਲੀ ਨੀਤੀ ਕਾਰਨ ਅਜਿਹੇ ਮਾਮਲਿਆਂ ਵਿੱਚ ਕੁਝ ਨਹੀਂ ਹੋਇਆ। ਇਸੇ ਕਾਰਨ ਗੁਰੂ ਨਗਰੀ ਦੇ ਲੋਕਾਂ ਵਿੱਚ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਸਰਕਾਰ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਇੱਥੇ ਨਸ਼ਿਆਂ ਸਮੇਤ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਖੁੱਲ੍ਹੇਆਮ ਚੱਲ ਰਿਹਾ ਹੈ। ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਹੋ ਰਹੀ ਹੈ। ਸਲੱਮ ਕਲੋਨੀਆਂ ਵਿਚ ਨਸ਼ਾ, ਨਾਜਾਇਜ਼ ਸ਼ਰਾਬ ਅਤੇ ਸੱਟਾਬਾਜ਼ੀ ਖੁੱਲ੍ਹੇਆਮ ਚੱਲ ਰਹੀ ਹੈ। ਇਸੇ ਤਰ੍ਹਾਂ ਨਾਜਾਇਜ਼ ਹਥਿਆਰਾਂ ਦੀ ਲਗਾਤਾਰ ਵਰਤੋਂ ਹੋ ਰਹੀ ਹੈ। ਪੁਲੀਸ ਇਨ੍ਹਾਂ ਸਾਰੇ ਮਾਮਲਿਆਂ ਨੂੰ ਹਲ ਕਰਨ ਵਿਚ ਜਾਂ ਨੱਥ ਪਾਉਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਮਾਮਲਿਆਂ ਵਿੱਚ ਪੰਜਾਬ ਪੁਲੀਸ ਦੀਆਂ ਕਈ ਕਾਲੀਆਂ ਭੇਡਾਂ ਵੀ ਸ਼ਾਮਲ ਹਨ, ਜਿਨ੍ਹਾਂ ਦੇ ਕਈ ਵਾਰ ਨਾਮ ਵੀ ਜਨਤਕ ਹੋ ਚੁੱਕੇ ਹਨ। ਪਰ ਇਸ ਸਬੰਧੀ ਰਿਪੋਰਟਾਂ ਸਿਰਫ ਲਿਫਾਫਿਆਂ ਵਿੱਚ ਬੰਦ ਹੋ ਕੇ ਰਹਿ ਗਈਆਂ ਹਨ।